ਰਾਘਵ ਚੱਢਾ ਹੀ ਹੋਣਗੇ ਅਸਲੀ ਮੁੱਖ ਮੰਤਰੀ : ਬੀਜੇਪੀ
ਚੰਡੀਗੜ੍ਹ, 11 ਜੁਲਾਈ : ਭਾਰਤੀ ਜਨਤਾ ਪਾਰਟੀ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਰਾਘਵ ਚੱਢਾ ਨੂੰ ਸਰਕਾਰ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ। ਪਾਰਟੀ ਨੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ, ਕਿਉਂਕਿ ਇਹ ਦਿੱਲੀ ਦੇ ਆਕਾਵਾਂ ਅੱਗੇ ਗੋਡੇ ਟੇਕਣ ਦੇ ਬਰਾਬਰ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ, ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਪਾਰਟੀ ਪਹਿਲੇ ਦਿਨ ਤੋਂ ਹੀ ਕਹਿ ਰਹੀ ਹੈ ਕਿ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਹੱਥਾਂ ਦੀ ਕਠਪੁਤਲੀ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਚੱਢਾ ਪਿਛਲੇ ਦਰਵਾਜ਼ੇ ਤੋਂ ਸਰਕਾਰ ਚਲਾਉਂਦੇ ਸਨ ਅਤੇ ਹੁਣ ਉਹ ਖੁੱਲ੍ਹ ਕੇ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ। ਚੱਢਾ ਨੂੰ ਪੰਜਾਬ ਦਾ ਪੂਰਨ ਮੁੱਖ ਮੰਤਰੀ ਬਣਾਉਣ ਵੱਲ ਇਹ ਪਹਿਲਾ ਕਦਮ ਹੈ।
ਭਾਜਪਾ ਆਗੂ ਨੇ ਚੱਢਾ ਨੂੰ ਕੋਈ ਲਾਭ ਨਾ ਦੇਣ ਦੇ ਸਰਕਾਰ ਦੇ ਦਾਅਵਿਆਂ 'ਤੇ ਵੀ ਚੁਟਕੀ ਲੈਂਦਿਆਂ ਕਿਹਾ ਕਿ ਇਹ ਸਭ ਕੁਝ ਆਫਿਸ ਆਫ ਪ੍ਰੋਫਿਟ ਦੀਆਂ ਤਜਵੀਜ਼ਾਂ ਤੋਂ ਬਚਣ ਲਈ ਕੀਤਾ ਗਿਆ ਹੈ, ਨਾ ਕਿ ਪੰਜਾਬ ਦਾ ਪੈਸਾ ਬਚਾਉਣ ਲਈ, ਕਿਉਂਕਿ ਚੱਢਾ ਰਾਜ ਸਭਾ ਮੈਂਬਰ ਹਨ। ਨਹੀਂ ਤਾਂ, ਸਰਕਾਰ ਉਨ੍ਹਾਂ ਨੂੰ ਵੀ ਲਾਭ ਦੇ ਦਿੰਦੀ।
ਸ਼ਰਮਾ ਨੇ ਕਿਹਾ ਕਿ ਚੱਢਾ ਨੂੰ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾਉਣ ਦਾ 'ਆਪ' ਦਾ ਫੈਸਲਾ ਯੂਪੀਏ ਸਰਕਾਰ ਦੇ ਉਸ ਫੈਸਲੇ ਵਾਂਗ ਹੈ, ਜਦੋਂ ਉਸਨੇ ਸਲਾਹਕਾਰ ਕਮੇਟੀ ਬਣਾ ਕੇ ਸ੍ਰੀਮਤੀ ਸੋਨੀਆ ਗਾਂਧੀ ਨੂੰ ਉਸ ਦਾ ਚੇਅਰਮੈਨ ਨਿਯੁਕਤ ਕੀਤਾ ਸੀ, ਜਦਕਿ ਡਾ: ਮਨਮੋਹਨ ਸਿੰਘ ਨੂੰ ਰਬੜ ਸਟੈਂਪ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਸੀ।
ਸੂਬਾ ਭਾਜਪਾ ਜਨਰਲ ਸਕੱਤਰ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਨੂੰ ਦਿੱਲੀ ਤੋਂ ਨਹੀਂ ਚਲਾਇਆ ਜਾ ਸਕਦਾ ਅਤੇ ਪੰਜਾਬ ਦੇ ਲੋਕਾਂ ਨੇ ਚੱਢਾ ਨੂੰ ਮੁੱਖ ਮੰਤਰੀ ਵਜੋਂ ਵੋਟ ਨਹੀਂ ਦਿੱਤੀ, ਜੋ ਤੁਹਾਡਾ ਅਸਲ ਉਦੇਸ਼ ਹੈ। ਉਨ੍ਹਾਂ 'ਆਪ' ਲੀਡਰਸ਼ਿਪ ਨੂੰ ਕਿਹਾ ਕਿ ਜਿੰਨੀ ਜਲਦੀ ਤੁਸੀਂ ਇਹ ਫੈਸਲਾ ਵਾਪਸ ਲੈ ਲਵੋ, ਓਨਾ ਹੀ ਚੰਗਾ ਹੈ।
0 comments:
एक टिप्पणी भेजें