ਮੱਛੀ ਪਾਲਣ ਵਿਭਾਗ ਨੇ ਬਡਬਰ 'ਚ ਕੌਮੀ ਮੱਛੀ ਪਾਲਕ ਦਿਵਸ ਮਨਾਇਆ
---ਨੌਜਵਾਨਾਂ ਨੂੰ ਮੱਛੀ ਪਾਲਣ ਧੰਦੇ ਨਾਲ ਜੁੜਨ ਦਾ ਸੱਦਾ
ਬਰਨਾਲਾ, 12 ਜੁਲਾਈ ( ਡਾ: ਰਾਕੇਸ਼ ਪੁੰਜ, ਸੁਖਵਿੰਦਰ ਸਿੰਘ ਭੰਡਾਰੀ )
ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਸਹਿਯੋਗ ਨਾਲ ਪਿੰਡ ਬਡਬਰ ਦੇ ਕਿਸਾਨ ਸੁਖਪਾਲ ਸਿੰਘ ਦੇ ਫਾਰਮ 'ਚ ਸਮਾਗਮ ਕਰਾਇਆ ਗਿਆ, ਜਿਸ 'ਚ ਯੂਨੀਵਰਸਟਿੀ ਦੇ ਸਾਇੰਸਦਾਨ, ਬੈਚੁਲਰ ਆਫ ਫਿਸ਼ਰੀਜ਼ ਸਾਇੰਸ ਦੇ ਵਿਦਿਆਰਥੀ ਤੇ ਮੱਛੀ ਪਾਲਕਾਂ ਵੱਲੋਂ ਵਿਚਾਰਾਂ ਦਾ ਅਦਾਨ-ਪ੍ਰਦਾਨ ਤੇ ਸਕੀਮਾਂ 'ਤੇ ਚਰਚਾ ਕੀਤੀ ਗਈ।
ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਬਰਨਾਲਾ ਸ੍ਰੀ ਰਾਕੇਸ਼ ਕੁਮਾਰ ਨੇ ਮੱਛੀ ਪਾਲਣ ਵਿਭਾਗ ਦੀਆਂ ਸਕੀਮਾਂ, ਸਬਸਿਡੀ ਆਦਿ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਨਾਂ ਕਿਸਾਨਾਂ ਨੂੰ ਵਿਭਾਗ ਵੱਲੋਂ ਹਰ ਮਹੀਨੇ ਦਿੱਤੀ ਜਾਂਦੀ 5 ਰੋਜ਼ਾ ਸਿਖਲਾਈ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਮੱਛੀ ਪਾਲਕ ਸਰਕਾਰੀ ਪੂੰਗ ਫਾਰਮ ਸੰਗਰੂਰ ਤੇ ਸਰਕਾਰੀ ਪੂੰਗ ਫਾਰਮ ਬੇਨੜੇ ਤੋਂ ਮੱਛੀ ਪੂੰਗ ਪ੍ਰਾਪਤ ਕਰ ਸਕਦੇ ਹਨ।
ਸਹਾਇਕ ਡਾਇਰੈਕਟਰ ਮੱਛੀ ਪਾਲਣ ਸੰਗਰੂਰ ਸ੍ਰੀ ਚਰਨਜੀਤ ਸਿੰਘ ਨੇ ਮੌਨਸੂਨ ਦੇ ਮੌਸਮ ਦੌਰਾਨ ਮੱਛੀ ਪਾਲਣ ਧੰਦੇ 'ਚ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਤੇ ਉਨਾਂ ਦੇ ਹੱਲ ਬਾਰੇ ਦੱਸਿਆ। ਉਨਾਂ ਇਸ ਮੌਕੇ ਮੱਛੀ ਪਾਲਣ ਅਫਸਰ ਲਵਪ੍ਰੀਤ ਸਿੰਘ ਨੇ ਸੰਯੁਕਤ ਖੇਤੀ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਕਿਸਾਨਾਂ ਆਪਣੀ ਆਮਦਨ 'ਚ ਚੋਖਾ ਵਾਧਾ ਕਰ ਸਕਣ। ਉਨਾਂ ਨੌਜਵਾਨਾਂ ਨੂੰ ਮੱਛੀ ਪਾਲਣ ਧੰਦੇ ਨਾਲ ਜੁੜਨ ਦਾ ਸੱਦਾ ਦਿੱਤਾ।
ਇਸ ਮੌਕੇ ਮੱੱਛੀ ਪਾਲਕਾਂ ਵੱਲੋਂ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਸਾਇੰਸਦਾਨਾਂ ਦੇ ਸਨਮੁਖ ਰੱਖਿਆ ਗਿਆ, ਜਿਸ ਦੇ ਹੱੱਲ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਤਜਰਬੇਕਾਰ ਮੱਛੀ ਪਾਲਕਾਂ ਵੱਲੋਂ ਵਿਦਿਆਰਥੀਆਂ ਨਾਲ ਮੱਛੀ ਪਾਲਣ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ ਗਏ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਤਾਂ ਜੋ ਵਿਦਿਆਰਥੀਆਂ ਨੂੰ ਇਸ ਕਿੱਤੇ ਦੀ ਪ੍ਰੈਕਟੀਕਲ ਜਾਣਕਾਰੀ ਹਾਸਲ ਹੋ ਸਕੇ।
ਇਸ ਮੌਕੇ ਸਾਇੰਸਦਾਨ ਡਾ. ਅਭਿਸ਼ੇਕ, ਸਾਇੰਸਦਾਨ ਖੁਸ਼ਵੀਰ ਸਿੰਘ, ਮੱਛੀ ਪਾਲਕ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਣਜੋਧ ਸਿੰਘ, ਮੱਛੀ ਪਾਲਕ ਤੇ ਪਿੰਡ ਦੇ ਮੋਹਤਬਰ ਹਾਜ਼ਰ ਸਨ।
0 comments:
एक टिप्पणी भेजें