ਸਰਕਾਰੀ ਸਕੂਲਾਂ 'ਚ ਫ਼ਲਦਾਰ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼ 15 ਤੋਂ: ਡਿਪਟੀ ਡਾਇਰੈਕਟਰ
ਬਰਨਾਲਾ, 12 ਜੁਲਾਈ ( ਡਾ: ਰਾਕੇਸ਼ ਪੁੰਜ)
ਬਾਗਬਾਨੀ ਬਾਰੇ ਮੰਤਰੀ ਸ. ਫੌਜਾ ਸਿੰਘ ਸਰਾਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਬਾਗਬਾਨੀ ਸ੍ਰੀਮਤੀ ਸ਼ੈਲਿੰਦਰ ਕੌਰ ਦੀ ਅਗਵਾਈ ਹੇਠ ਸੂਬੇ ਦੇ ਸਰਕਾਰੀ ਸਕੂਲਾਂ ਤੇ ਸਾਂਝੀਆਂ ਥਾਵਾਂ 'ਤੇ ਫਲਦਾਰ ਪੌਦੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤਹਿਤ ਜ਼ਿਲਾ ਬਰਨਾਲਾ ਦੇ ਸਰਕਾਰੀ ਸਕੂਲਾਂ 'ਚ ਵੀ ਬਾਗਬਾਨੀ ਵਿਭਾਗ ਵੱਲੋਂ ਫ਼ਲਦਾਰ ਬੂਟੇ ਲਾਏ ਜਾਣਗੇ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਬਾਗਬਾਨੀ ਸ. ਨਿਰਵੰਤ ਸਿੰਘ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ ਇਸ ਮੁਹਿੰਮ ਦੀ ਸ਼ੁਰੂਆਤ 15 ਜੁਲਾਈ ਤੋਂ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲੇ ਦੇ ਸਰਕਾਰੀ ਸਕੂਲਾਂ ਅਤੇ ਹੋਰ ਸਾਂਝੀਆਂ ਥਾਵਾਂ 'ਤੇ ਫਲਦਾਰ ਬੂਟੇ ਲਾਏ ਜਾਣਗੇ। ਪੂਰੇ ਸੂਬੇ 'ਚ ਇੱਕ ਲੱਖ 25 ਹਜ਼ਾਰ ਫਲਦਾਰ ਪੌਦੇ, ਜਦੋਂਕਿ ਜ਼ਿਲਾ ਬਰਨਾਲਾ ਵਿਚ 1300 ਤੋਂ ਵੱਧ ਫਲਦਾਰ ਪੌਦੇ 15 ਜੁਲਾਈ ਤੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਲਾਏ ਜਾਣਗੇ। ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਤਰਫੋਂ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਦੀ ਅਗਵਾਈ 'ਚ ਹੋਰ ਵੀ ਫਲਦਾਰ ਤੇ ਹੋਰ ਕਿਸਮਾਂ ਦੇ ਵੱਡੀ ਗਿਣਤੀ ਪੌਦੇ ਆਉਦੇ ਦਿਨੀਂ ਵੱਖ ਵੱਖ ਥਾਵਾਂ 'ਤੇ ਲਾਏ ਜਾਣਗੇ।
ਬਾਗਬਾਨੀ ਵਿਕਾਸ ਅਫਸਰ ਨਰਪਿੰਦਰ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਨਾਲ ਜਿੱਥੇ ਹਰਿਆਵਲ ਵਧੇਗੀ, ਉਥੇ ਸਕੂਲਾਂ 'ਚ ਫਲਦਾਰ ਪੌਦੇ ਲਾਉਣ ਨਾਲ ਸਕੂਲੀ ਵਿਦਿਆਰਥੀਆਂ ਲਈ ਫਲਾਂ ਦੀ ਉਪਲੱਬਧਤਾ ਹੋਵੇਗੀ ਤੇ ਬਾਗਬਾਨੀ ਵੀ ਪ੍ਰਫੁੱਲਿਤ ਹੋਵੇਗੀ। ਉਨਾਂ ਜ਼ਿਲਾ ਵਾਸੀਆਂ ਨੂੰ ਇਸ ਮੁਹਿੰਮ ਵਿਚ ਸਹਿਯੋਗ ਦਾ ਸੱਦਾ ਦਿੱਤਾ।
0 comments:
एक टिप्पणी भेजें