ਵਿਛੜਾ ਕੁਛ ਇਸ ਅਦਾ ਸੇ ਕਿ ਰੁਤ ਹੀ ਬਦਲ ਗਈ
ਇਕ ਸ਼ਖਸ ਪੂਰੇ ਸ਼ਹਿਰ ਕੋ ਵੀਰਾਨ ਕਰ ਗਿਆ ।
ਇੱਕ ਰੋਸ਼ਨ ਚਿਹਰਾ, ਇੱਕ ਮਜਬੂਤ ਕਲਮ, ਸੱਚੀ ਸਮਾਜ ਸੇਵਾ ਅਤੇ ਇਮਾਨਦਾਰੀ ਦੀ ਮਿਸਾਲ-ਆਰ.ਐਨ. ਕਾਂਸਲ
ਤੁਹਾਡੀ ਮੁਸਕਰਾਹਟ ਤੁਹਾਡੀ ਲੇਖਣੀ ਤੇ ਤੁਹਾਡੀ ਨੇਕੀ ਹਮੇਸ਼ਾ ਯਾਦ ਰਹੇਗੀ
ਭੋਗ ਤੇ ਵਿਸ਼ੇਸ਼
ਪੱਤਰਕਾਰ ਆਰ. ਐਨ. ਕਾਂਸਲ ਬਹੁਤ ਹੀ ਹੰਸਮੁੱਖ, ਮਿਲਨਸਾਰ ਅਤੇ ਸਧਾਰਣ ਸੁਭਾਅ ਵਾਲੇ ਮਹਾਨ ਵਿਅਕਤੀ ਸਨ । ਉਨ੍ਹਾਂ ਨੂੰ ਮਿਲਣ ਵਾਲਾ ਹਰ ਇੱਕ ਵਿਅਕਤੀ, ਉਨ੍ਹਾਂ ਦੇ ਆਪਣੇਪਨ ਅਤੇ ਨਿਮਰਤਾ ਤੋਂ ਪ੍ਰਭਾਵਿਤ ਹੋ ਕੇ ਥੋੜ੍ਹੇ ਸਮੇਂ ਵਿੱਚ ਹੀ ਆਪਣਾ ਬਣ ਜਾਂਦਾ ਸੀ। ਕਾਂਸਲ ਜੀ ਨੇ ਬਹੁਤ ਹੀ ਛੋਟੀ ਉਮਰ ਵਿੱਚ ਸਮਾਜ ਵਿੱਚ ਇੱਕ ਮਾਣਯੋਗ ਅਤੇ ਪ੍ਰਤਿਸ਼ਠਤ ਸਥਾਨ ਬਣਾਇਆ
ਆਪਣੀ ਪੱਤਰਕਾਰਤਾ ਦੀ ਸ਼ੁਰੂਆਤ ਉਨ੍ਹਾਂ ਨੇ ‘ਆਧੁਨਿਕ ਜੀਵਨਲੀਲਾ' ਨਾਮਕ ਅਰਧ-ਮਾਸਿਕ ਅਖ਼ਬਾਰ ਤੋਂ ਕੀਤੀ। ਇਸ ਤੋਂ ਤੋਂ ਬਾਅਦ ਉਹ 'ਉੱਤਮ ਹਿੰਦੂ’, ‘ਅਜੀਤ ਸਮਾਚਾਰ’, 'ਪੰਜਾਬ ਕੇਸਰੀ' ਅਤੇ 'ਜਗਬਾਣੀ' ਵਰਗੇ ਪ੍ਰਸਿੱਧ ਅਖ਼ਬਾਰਾਂ ਨਾਲ ਜੁੜੇ ਅਤੇ ਆਪਣੀ ਲੇਖਨੀ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਇਆ। ਅੱਗੇ ਚਲ ਕੇ ਉਨ੍ਹਾਂ ਨੇ ਇਲੈਕਟ੍ਰਾਨਿਕ ਮੀਡੀਆ ਵਿੱਚ ਵੀ ਕਦਮ ਰੱਖਿਆ ਅਤੇ ਪੀਟੀਸੀ ਨਿਊਜ਼, ਜ਼ੀ ਨਿਊਜ਼, ਟਾਈਮਜ਼ ਨਾਊ, ਟੀਵੀ9 ਭਾਰਤਵਰਸ਼, ਅਤੇ ਜ਼ੀ ਪੰਜਾਬ-ਹਰਿਆਣਾ-ਹਿਮਾਚਲ ਵਰਗੇ ਪ੍ਰਮੁੱਖ ਚੈਨਲਾਂ ਰਾਹੀਂ ਸਮਾਜ ਸੇਵਾ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।
ਸਵ: ਸ਼੍ਰੀ ਆਰ.ਐਨ. ਕਾਂਸਲ
ਮੀਡੀਆ ਜਗਤ ਦੇ ਨਾਲ-ਨਾਲ ਕਾਂਸਲ ਜੀ ਦਾ ਕਈ ਸਮਾਜਿਕ ਸੰਸਥਾਵਾਂ-ਰੋਟਰੀ ਕਲੱਬ, ਲਾਇਨਜ਼ ਕਲੱਬ, ਭਾਰਤ ਵਿਕਾਸ ਪਰਿਸ਼ਦ ਅਤੇ ਕਈ ਧਾਰਮਿਕ ਸੰਗਠਨਾਂ ਨਾਲ ਵੀ ਡੂੰਘਾ ਜੁੜਾਵ ਸੀ । ਬਹੁਪੱਖੀ ਪ੍ਰਤਿਭਾ ਦੇ ਮਾਲਿਕ ਕਾਂਸਲ ਜੀ ਨੇ ਕਈ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿੱਚ ਮਜਬੂਤ ਮੰਚ ਸੰਚਾਲਕ ਵਜੋਂ ਸੇਵਾ ਨਿਭਾਈ ਅਤੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਵਿਲੱਖਣ ਛਾਪ ਛੱਡੀ।
ਉਨ੍ਹਾਂ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਦਾ ਹੀ ਨਤੀਜਾ ਸੀ ਕਿ ਉਹ ਹਰ ਵਰਗ ਦੇ ਲੋਕਾਂ ਦੇ ਚਹੇਤੇ ਸਨ । ਕਾਂਸਲ ਜੀ ਦੀ ਇੱਕ ਖਾਸ ਖੂਬੀ ਇਹ ਵੀ ਸੀ ਕਿ ਉਹ ਰੋਜ਼ਾਨਾ ਸਵੇਰੇ ਲੋਕਾਂ ਨੂੰ ਸੁੰਦਰ, ਪ੍ਰੇਰਣਾਦਾਇਕ ਅਤੇ ਸੰਸਕਾਰੀ ਸੰਦੇਸ਼ ਭੇਜਦੇ ਸਨ। ਲੋਕ ਬੇਸਬਰੀ ਨਾਲ ਉਨ੍ਹਾਂ ਦੇ ਸੰਦੇਸ਼ਾਂ ਦੀ ਉਡੀਕ ਕਰਦੇ ਸਨ ਅਤੇ ਉਨ੍ਹਾਂ ਦੇ ਪ੍ਰੇਰਣਾਦਾਇਕ ਸ਼ਬਦਾਂ ਦੇ ਸੱਚੇ ਪ੍ਰਸ਼ੰਸਕ ਸਨ । ਉਨ੍ਹਾਂ ਦੇ ਇਹ ਸੰਦੇਸ਼ ਅਨੇਕਾਂ ਲੋਕਾਂ ਦੀ ਦਿਨ ਚਰਿਆ ਵਿੱਚ ਉਮੀਦ ਅਤੇ ਊਰਜਾ ਦਾ ਅਹਿਸਾਸ ਕਰਵਾਉਂਦੇ ਸਨ
ਸਾਫ਼ ਸੁਥਰੀ,
ਸੁੱਚੀ ਛਵੀ ਅਤੇ ਮਜਬੂਤ ਕਲਮ ਦੇ ਮਾਲਿਕ ਕਾਂਸਲ ਜੀ ਨੇ ਸਮਾਜ ਦੇ ਹਰ ਵਰਗ ਦੀ ਆਵਾਜ਼ ਨੂੰ ਸਮੇਂ-ਸਮੇਂ 'ਤੇ ਸਰਕਾਰ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਹ ਆਰ.ਐਸ.ਐਸ. ਨਾਲ ਵੀ ਜੁੜੇ ਰਹੇ ਅਤੇ ਹਮੇਸ਼ਾ ਰਾਸ਼ਟਰ ਹਿਤ ਨੂੰ ਪਹਿਲ ਦਿੱਤੀ। ਆਰ.ਐਨ.ਕਾਂਸਲ ਸਿਟੀ ਮੀਡੀਆ ਕਲੱਬ ਦੇ ਸਕੱਤਰ ਦੇ ਤੌਰ ਤੇ ਸੇਵਾ ਨਿਭਾਉਂਦੇ ਹੋਏ ਕਲੱਬ ਦੇ ਸਮੂਹ ਮੈਂਬਰਾਂ ਨੂੰ ਇੱਕ ਜੁੱਟ ਰੱਖਦੇ ਸਨ ਅਤੇ ਸਮਾਜਿਕ ਭਲਾਈ ਦੇ ਕੰਮਾਂ ਲਈ ਪ੍ਰੇਰਿਤ ਕਰਦੇ ਸਨ ਸ੍ਰੀ ਆਰ. ਐਨ. ਕਾਂਸਲ ਬ੍ਰਹਮਾਕੁਮਾਰੀਜ ਆਸ਼ਰਮ ਨਾਲ ਬੜੀ ਹੀ ਸ਼ਰਧਾ ਨਾਲ ਜੁੜੇ ਹੋਏ ਸਨ ਉਹਨਾਂ ਨੇ ਸੁਨਾਮ ਤੋਂ ਲੈ ਕੇ ਮਾਊਂਟ ਆਬੂ ਤੱਕ ਹਰ ਸਮਾਗਮ ਵਿੱਚ ਹਿੱਸਾ ਲੈਂਦੇ ਹੋਏ ਸ਼ਹਿਰ ਵਾਸੀਆਂ ਨੂੰ ਵੀ ਨਾਲ ਜੋੜਿਆ ਉਹ ਬ੍ਰਹਮਾ ਕੁਮਾਰੀ ਆਸ਼ਰਮ ਦੀ ਸੰਚਾਲਿਕਾ ਮੀਰਾ ਦੀਦੀ ਨੂੰ ਆਪਣੀ ਭੈਣ ਮੰਨਦੇ ਹੋਏ ਹਰ ਫਰਜ਼ ਅਦਾ ਕਰਦੇ ਸਨ।
ਦੁਖਦਾਈ ਗੱਲ ਹੈ ਕਿ 13 ਨਵੰਬਰ 2025 ਨੂੰ, ਕੇਵਲ 53 ਸਾਲ ਦੀ ਉਮਰ ਵਿੱਚ, ਸੁਨਾਮ ਊਧਮ ਸਿੰਘ ਵਾਲਾ ਦੇ ਨੇੜੇ ਸਜੂਮਾ ਵਿੱਚ ਇੱਕ ਸੜਕ ਹਾਦਸੇ ਵਿੱਚ ਉਨ੍ਹਾਂ ਦਾ ਅਚਾਨਕ ਦੇਹਾਂਤ ਹੋ ਗਿਆ, ਜਿਸ ਨਾਲ ਸਮੂਹ ਜ਼ਿਲ੍ਹੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ । ਸ਼੍ਰੀ ਕਾਂਸਲ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਕਾਂਸਲ ਜੀ ਦੇ ਅਨੇਕਾਂ ਸਨੇਹੀ ਅਤੇ ਸ਼ੁਭਚਿੰਤਕ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਲਈ 26 ਨਵੰਬਰ, ਬੁੱਧਵਾਰ ਨੂੰ ਸੁਨਾਮ-ਬਠਿੰਡਾ ਰੋਡ ਸਥਿਤ ਤਾਜ ਪੈਲੇਸ ਵਿੱਚ ਇਕੱਠੇ ਹੋਣਗੇ। ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਦੇ ਕੌਮੀ ਚੇਅਰਮੈਨ ਡਾ ਰਾਕੇਸ਼ ਪੁੰਜ ਨੇ ਇਸ ਬੇਵਕਤੀ ਬੀਤੇ ਭਾਣੇ ਤੇ ਗਹਿਰਾ ਸ਼ੋਕ ਪ੍ਰਗਟ ਕਰਦਿਆ ਕਿਹਾ ਕਿ ਕਾਂਸਲ ਜੀ ਦੀ ਘਾਟ ਤਾ ਉਮਰ ਖਟਕਦੀ ਰਹੇਗੀ ,ਓਹਨਾ ਦੇ ਜਾਣ ਨਾਲ ਜੀਵਨ ਅਧੂਰਾ ਰਹਿ ਗਿਆ ਹੈ ਲੇਕਿਨ ਓਹਨਾ ਦੀ ਯਾਦ ਸਾਡੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ ।

0 comments:
एक टिप्पणी भेजें