Contact for Advertising

Contact for Advertising

Latest News

शनिवार, 16 अगस्त 2025

ਬਟਾਲਾ ਵਿਖੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਆਜ਼ਾਦੀ ਦਿਵਸ ਸਮਾਗਮ

 ਬਟਾਲਾ ਵਿਖੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਆਜ਼ਾਦੀ ਦਿਵਸ ਸਮਾਗਮ











ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐੱਸ.ਡੀ.ਐੱਮ ਬਟਾਲਾ ਨੇ ਲਹਿਰਾਇਆ ਕੌਮੀ ਝੰਡਾ


ਮਹਾਨ ਆਜ਼ਾਦੀ ਘੁਲਾਟੀਆਂ ਵੱਲੋਂ ਸੰਜੋਏ ਸੁਪਨਿਆਂ ਦੀ ਪੂਰਤੀ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਾਰਿਆਂ ਨੂੰ ਯਤਨਸ਼ੀਲ ਰਹਿਣਾ ਚਾਹੀਦਾ ਹੈ-ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ


ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਕੀਤਾ ਗਿਆ ਸਨਮਾਨਿਤ ਅਤੇ ਲੋੜਵੰਦ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ


ਪੰਜਾਬ ਪੁਲਿਸ, ਹੋਮਗਾਰਡ ਤੇ ਐਨ.ਸੀ.ਸੀ. 22 ਪੰਜਾਬ ਬਟਾਲੀਅਨ ਵੱਲੋਂ ਮਾਰਚ ਪਾਸਟ ਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਦੇਸ਼ ਭਗਤੀ ’ਤੇ ਆਧਾਰਿਤ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ


ਬਟਾਲਾ, 16 ਅਗਸਤ ( ਰਮੇਸ਼ ਭਾਟੀਆ  ) ਅੱਜ ਆਜ਼ਾਦੀ ਦਿਵਸ ਸਮਾਗਮ ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਵਿਖੇ ਆਜ਼ਾਦੀ ਦਿਵਸ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐੱਸ.ਡੀ.ਐੱਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਅਦਾ ਕੀਤੀ। ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਮੁੱਖ ਮਹਿਮਾਨ ਸ੍ਰੀ ਵਿਕਰਮਜੀਤ ਸਿੰਘ ਪਾਂਥੇ ਨੇ ਪਰੇਡ ਦਾ ਮੁਆਇਨਾ ਕੀਤਾ। ਇਸ ਉਪਰੰਤ ਐੱਸ.ਆਈ. ਸਕੱਤਰ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਜਵਾਨਾਂ, ਮਹਿਲਾ ਪੁਲਿਸ, ਪੰਜਾਬ ਹੋਮਗਾਰਡ ਦੇ ਜਵਾਨਾਂ ਅਤੇ ਐਨ.ਸੀ.ਸੀ 22 ਪੰਜਾਬ ਬਟਾਲੀਅਨ ਕੈਡਿਟਸ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ।


ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਮੁੱਖ ਮਹਿਮਾਨ ਐੱਸ.ਡੀ.ਐੱਮ. ਬਟਾਲਾ ਸ੍ਰੀ ਵਿਕਰਮਜੀਤ ਸਿੰਘ ਨੇ ਆਪਣੇ ਸੰਦੇਸ਼ ’ਚ ਬਟਾਲਾ ਵਾਸੀਆਂ ਨੂੰ ਦੇਸ਼ ਦੇ 79ਵੇਂ ਆਜ਼ਾਦੀ ਦਿਹਾੜੇ ਦੀਆਂ ਲੱਖ-ਲੱਖ ਮੁਬਾਰਕਾਂ ਦਿੰਦਿਆਂ ਕਿਹਾ ਕਿ ਮੈਂ ਆਜ਼ਾਦੀ ਦਿਹਾੜੇ ਸਬੰਧੀ ਇਸ ਸਮਾਗਮ ਵਿੱਚ ਪਹੁੰਚ ਕੇ ਵਡਭਾਗਾ ਮਹਿਸੂਸ ਕਰ ਰਿਹਾ ਹਾਂ। ਉਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਵੱਖ-ਵੱਖ ਲਹਿਰਾਂ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਲਾਲਾ ਲਾਜਪਤ ਰਾਏ, ਸ਼ਹੀਦ ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ’ਤੇ ਆਰੰਭੇ ਗਏ ਸੰਘਰਸ਼ਾਂ ਅਤੇ ਦਿੱਤੀਆਂ ਕੁਰਬਾਨੀਆਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ।


ਆਪਣੇ ਸੰਬੋਧਨ ਵਿੱਚ ਉਨਾਂ ਕਿਹਾ ਕਿ ਪੰਜਾਬ ਸਰਕਾਰ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਸ. ਭਗਵੰਤ ਸਿੰਘ ਮਾਨ ਨੇ ਆਪਣੇ ਅਹੁਦੇ ਦੀ ਸਹੁੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਚੁੱਕੀ। ਇਸ ਤੋਂ ਇਲਾਵਾ ਸਾਡੀ ਸਰਕਾਰ ਨੇ ਅਹਿਮ ਫ਼ੈਸਲਾ ਲੈਂਦਿਆਂ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀਆਂ ਤਸਵੀਰਾਂ ਲਗਾਈਆਂ।


ਪੰਜਾਬ ਸਰਕਾਰ,  ਫ਼ੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫ਼ੌਜੀਆਂ ਦੀ ਭਲਾਈ ਲਈ ਦਿ੍ਰੜ੍ਹ ਸੰਕਲਪ ਹੈ। ਇਸ ਦਿਸ਼ਾ ਵਿੱਚ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਿਸਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ।


ਆਪਣੇ ਸੰਬੋਧਨ ਵਿੱਚ ਉਨਾਂ ਕਿਹਾ ਕਿ ਸੂਬਾ ਸਰਕਾਰ ਨੇ ਸਿੱਖਿਆ ਦੇ ਖੇਤਰ ਵਿਚ ‘ਸਕੂਲ ਆਫ਼ ਐਮੀਨੈਂਸ’ ਦੀ ਸਥਾਪਨਾ ਕੀਤੀ। ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਆਮ ਆਦਮੀ ਕਲੀਨਕ ਖੋਲ੍ਹੇ ਗਏ। ਪੰਜਾਬ ਸਰਕਾਰ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮਹਿੰਮ ਰਾਹੀਂ ਨਸ਼ੇ ਦੇ ਕੋਹੜ ਨੂੰ ਸਮਾਪਤ ਕਰਨ ਲਈ ਪਿੰਡਾਂ ਤੇ ਸ਼ਹਿਰਾਂ ਵਿੱਚ ਪਹੁੰਚ ਕੀਤੀ ਗਈ ਹੈ। ਨਸ਼ਾ ਪੀੜਤਾਂ ਦੇ ਮੁੜ ਵਸੇਬੇ ਲਈ ਉਪਰਾਲੇ ਕੀਤੇ ਗਏ ਹਨ। ਇਸ ਤੋਂ ਇਲਾਵਾ ਨਸ਼ਾ ਪੀੜਤਾਂ ਲਈ ਕਿੱਤਾ ਮੁਖੀ ਕੋਰਸ ਸ਼ੁਰੂ ਕੀਤੇ ਗਏ ਹਨ।


ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਦੇ ਘਰਾਂ ਵਿਚ ਹੀ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ’ਸਰਕਾਰ ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਸੂਬੇ ਦੇ ਨਾਗਰਿਕ ਸਮਰਪਿਤ ਹੈਲਪਲਾਈਨ ਨੰਬਰ 1076 ’ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਸਮਾਂ ਤੈਅ ਕਰਕੇ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਸੜਕ ਸੁਰੱਖਿਆ ਦੇ ਖੇਤਰ ਵਿਚ ਵੱਡਾ ਉਪਰਾਲਾ ਕਰਦਿਆਂ ਸੂਬਾ ਸਰਕਾਰ ਵੱਲੋਂ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਘਟਾਉਣ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂ ਕੀਤੀ ਗਈ ਹੈ।


ਆਪਣੇ ਸੰਬੋਧਨ ਵਿੱਚ ਉਨਾਂ ਬਟਾਲਾ ਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸਮਾਗਮ ਦੀ ਮੁਬਾਰਕਬਾਦ ਦਿੱੱਤੀ ਤੇ ਕਿਹਾ ਕਿ 30 ਅਗਸਤ ਨੂੰ ਬਟਾਲਾ ਵਿਖੇ ਪੂਰੇ ਉਤਸ਼ਾਹ ਨਾਲ ਬਾਬਾ ਜੀ ਦਾ ਵਿਆਹ ਪੁਰਬ ਸਮਾਗਮ ਮਨਾਇਆ ਜਾਵੇਗਾ। ਵਿਆਹ ਪੁਰਬ ਸਮਾਗਮ ਨੂੰ ਮੁੱਖ ਰੱਖਦਿਆਂ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਪ੍ਰਸ਼ਾਸਨ ਪੱਬਾਂ ਭਾਰ ਹੈ ਅਤੇ ਸੰਗਤਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।


ਉਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਟਾਲਾ ਸ਼ਹਿਰ ਨੂੰ ਸਾਫ਼-ਸੁਥਰਾ ਤੇ ਸੁੰਦਰ ਰੱਖਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਲਈ ਸ਼ਹਿਰ ਵਿੱਚ ਵੱਖ-ਵੱਖ ਪੌਦੇ ਲਗਾਉਣ ਦੀ ਮੁਹਿੰਮ ਆਰੰਭੀ ਗਈ ਹੈ ਤੇ ਕਰੀਬ 3000 ਬੂਟੇ ਲਗਾਏ ਜਾਣਗੇ। ਉਨਾਂ ਅੱਗੇ ਕਿਹਾ ‘ਸਵੱਛ ਭਾਰਤ ਮਿਸ਼ਨ’ ਵਲੋਂ ਕਰਵਾਏ ਨਿਰੀਖਣ ਉਪਰੰਤ ਬਟਾਲਾ ਸ਼ਹਿਰ ਨੂੰ ਓ.ਡੀ.ਐਫ ਪਲੱਸ-ਪਲੱਸ਼ ਘੋਸ਼ਿਤ ਕੀਤਾ ਗਿਆ ਹੈ, ਜਿਸ ਲਈ ਉਹ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਹਨ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਸ਼ਹਿਰ ਬਟਾਲਾ ਨੂੰ ਸਾਫ਼-ਸੁਥਰਾ ਰੱਖਣ ਅਤੇ ਖੂਬਸੂਰਤ ਬਣਾਉਣ ਲਈ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ।


ਆਖਰ ਵਿੱਚ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਮੈਂ ਭਾਰਤ ਦੇ ਸਾਰੇ ਮਹਾਨ ਸ਼ਹੀਦਾਂ ਨੂੰ ਕੋਟਿਨ-ਕੋਟਿ ਪ੍ਰਣਾਮ ਕਰਦਾ ਹੋਇਆ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਦੀ ਕਾਮਨਾ ਕਰਦਾਂ ਹਾਂ। ਅਸੀਂ ਆਪਣੇ ਮਹਾਨ ਆਜ਼ਾਦੀ ਘੁਲਾਟੀਆਂ ਵੱਲੋਂ ਸੰਜੋਏ ਸੁਪਨਿਆਂ ਦੀ ਪੂਰਤੀ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਪੂਰੀ ਤਰ੍ਹਾਂ ਯਤਨਸ਼ੀਲ ਵੀ ਰਹਾਂਗੇ। ਮੈਂ ਭਾਰਤ ਦੇ ਸਾਰੇ ਮਹਾਨ ਸ਼ਹੀਦਾਂ ਨੂੰ ਕੋਟਿਨ-ਕੋਟਿ ਪ੍ਰਣਾਮ ਕਰਦਾ ਹੋਇਆ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਅਤੇ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਦੀ ਕਾਮਨਾ ਕਰਦਾਂ ਹਾਂ। ਜੈ ਹਿੰਦ ।


ਇਸ ਮੌਕੇ ਆਜ਼ਾਦੀ ਦਿਵਸ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਤੇ ਆਧਾਰਿਤ ਖੂਬਸੂਰਤ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।


ਉਪਰੰਤ ਮੁੱਖ ਮਹਿਮਾਨ ਵਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਲੋੜਵੰਦ ਮਹਿਲਾਵਾਂ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵਲੋਂ ਭੇਜੀਆਂ ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ।


ਇਸ ਤੋਂ ਬਾਅਦ ਪਰੇਡ, ਸੱਭਿਆਚਾਰਕ ਟੀਮਾਂ ਤੇ ਵੱਖ-ਵੱਖ ਖੇਤਰਾਂ ਵਿੱਚ ਉਪਲੱਬਧੀਆਂ ਹਾਸਲ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਮੁੱਖ ਮਹਿਮਾਨ ਵਲੋਂ ਸਨਾਮਨਿਤ ਕੀਤਾ ਗਿਆ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ ਦਫਤਰ ਬਟਾਲਾ ਵਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਸਹਾਰਾ ਕਲੱਬ ਬਟਾਲਾ ਵਲੋਂ ਵੀ ਛਬੀਲ ਵਰਤਾਈ ਗਈ।


ਆਜ਼ਾਦੀ ਦਿਵਸ ਸਮਾਗਮ ਵਿੱਚ ਸ੍ਰੀ ਰਵੀਪਾਲ ਸਿੰਘ, ਮਾਣਯੋਗ ਐਡੀਸ਼ਨਲ ਸਿਵਲ ਜੱਜ, ਸੀਨੀਅਰ ਡਵੀਜ਼ਨ ਬਟਾਲਾ, ਸ੍ਰੀ ਗਗਨਦੀਪ ਸਿੰਘ, ਸ੍ਰੀ ਦਵਿੰਦਰ ਸਿੰਘ, ਮੈਡਮ ਮਹਿਕ ਪੁਰੀ, ਸ੍ਰੀ ਕੁਮਾਲ ਲਾਂਬਾ, ਮੈਡਮ ਬਲਜਿੰਦਰ ਕੌਰ, ਮੈਡਮ ਸ਼ਿਵਾਨੀ ਅਤੇ ਮੈਡਮ ਮਿਨਾਕਸ਼ੀ (ਸਾਰੇ ਮਾਣਯੋਗ ਸਿਵਲ ਜੱਜ ਜੀਨਅਰ ਡਵੀਜ਼ਨ), ਮੈਡਮ ਨਵਨੀਤ ਜਸਵਾਲ, ਲੈਫਟੀਨੈਂਟ ਕਰਨਲ ਐਨ.ਸੀ.ਸੀ 22 ਪੰਜਾਬ ਬਟਾਲੀਅਨ, ਅੰਮਿ੍ਰਤ ਕਲਸੀ ਭਰਾ ਵਿਧਾਇਕ ਸ਼ੈਰੀ ਕਲਸੀ, ਅਰਜਨ ਸਿੰਘ ਗਰੇਵਾਲ ਤਹਿਸੀਲਦਾਰ ਬਟਾਲਾ, ਨਿਤਿਨ ਸਹੋਤਾ ਨਾਇਬ ਤਹਿਸੀਲਦਾਰ, ਸਤਨਾਮ ਸਿੰਘ ਨਾਇਬ ਤਹਿਸੀਲਦਾਰ ਕਾਦੀਆਂ, ਵਿਨੋਦ ਮਹਿਤਾ ਨਾਇਬ ਤਹਿਸੀਲਦਾਰ ਸ੍ਰੀ ਹਰਗੋਬਿੰਦਪੁਰ ਸਾਹਿਬ, ਡੀ.ਐੱਸ.ਪੀ.(ਸਿਟੀ) ਸੰਜੀਵ ਕੁਮਾਰ, ਡੀ.ਐਸ.ਪੀ ਰਾਜੇਸ਼ ਕੱਕੜ, ਐਡਵੋਕੈਟ ਗੁਰਦੀਪ ਸਿੰਘ ਰੰਧਾਵਾ, ਪ੍ਰਧਾਨ ਬਾਰ ਐਸੋਸੀਏਸ਼ਨ ਬਟਾਲਾ, ਬਲਬੀਰ ਸਿੰਘ ਬਿੱਟੂ ਸੀਨੀਅਰ ਆਗੂ, ਐਮ.ਸੀ ਬਲਵਿੰਦਰ ਸਿੰਘ ਮਿੰਟਾ, ਗਗਨ ਬਟਾਲਾ, ਵੀਨੂੰ ਕਾਹਲੌਂ, ਇੰਸਪੈਕਟਰ ਪ੍ਰਭਪਾਲ ਸਿੰਘ, ਸਾਬਕ ਤਹਿਸੀਲਦਾਰ ਲਖਵਿੰਦਰ ਸਿੰਘ, ਪਿ੍ਰੰਸੀਪਲ ਦਵਿੰਦਰ ਸਿੰਘ ਭੱਟੀ, ਸ਼ਸ਼ੀ ਭੂਸ਼ਨ ਵਰਮਾ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਜਤਿੰਦਰ ਕੱਦ, ਡਾ. ਸਤਿੰਦਰਜੀਤ ਕੋਰ, ਮੈਡਮ ਰੀਟਾ ਭਾਟੀਆ, ਸ੍ਰੀਮਤੀ ਕਮਲਜੀਤ ਕੌਰ, ਸੁਪਰਡੈਂਟ ਸੁੰਦਰ ਸ਼ਰਮਾ, ਰਾਜਵਿੰਦਰ ਸਿੰਘ, ਗਗਨਦੀਪ ਸਿੰਘ, ਗਗਨਜੀਤ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

ਬਟਾਲਾ ਵਿਖੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਆਜ਼ਾਦੀ ਦਿਵਸ ਸਮਾਗਮ
  • Title : ਬਟਾਲਾ ਵਿਖੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਆਜ਼ਾਦੀ ਦਿਵਸ ਸਮਾਗਮ
  • Posted by :
  • Date : अगस्त 16, 2025
  • Labels :
  • Blogger Comments
  • Facebook Comments

0 comments:

एक टिप्पणी भेजें

Top