ਸੁਖਮਨ ਸਿੰਘ ਦੀ ਪੁਸਤਕ 'ਰੁਮਾਲ ਦੇ ਧਾਗੇ' ਤੇ ਵਿਚਾਰ ਚਰਚਾ ਕੀਤੀ
ਹੁਸ਼ਿਆਰਪੁਰ=ਦਲਜੀਤ ਅਜਨੋਹਾ
ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਖੜੌਦੀ ਦੇ ਨੌਜਵਾਨ ਲੇਖਕ ਅਤੇ ਸ਼ਾਇਰ ਸੁਖਮਨ ਸਿੰਘ ਦੀ ਕਾਵਿ ਪੁਸਤਕ 'ਰੁਮਾਲ ਦੇ ਧਾਗੇ' ਤੇ ਵਿਚਾਰ ਚਰਚਾ ਦਾ ਆਯੋਜਨ ਸੁਰ ਸੰਗਮ ਵਿੱਦਿਅਕ ਟ੍ਰਸਟ ਅਤੇ ਨਿੱਕਿਆ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਕਰੂੰਬਲਾਂ ਭਵਨ ਮਾਹਲਪੁਰ ਵਿੱਚ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸੇਵਾ ਮੁਕਤ ਬਲਾਕ ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ, ਰਘਵੀਰ ਸਿੰਘ ਕਲੋਆ,
ਚੈਚਲ ਸਿੰਘ ਬੈਂਸ, ਬਲਬੀਰ ਸਿੰਘ ਭੱਟੀ, ਡਾ. ਬਲਬੀਰ ਕੌਰ ਰੀਹਲ, ਪ੍ਰਿੰਸੀਪਲ ਮਨਜੀਤ ਕੌਰ ਅਤੇ ਡਾ. ਵਿਜੈ ਕੁਮਾਰ ਭੱਟੀ ਨੇ ਕੀਤੀ l ਪ੍ਰਧਾਨਗੀ ਮੰਡਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਨੌਜਵਾਨ ਕੋਲ ਬਹੁ ਪੱਖੀ ਸੰਭਾਵਨਾਵਾਂ ਮੌਜੂਦ ਹਨ। ਜਿਨ੍ਹਾਂ ਸਦਕਾ ਉਹ ਸਾਹਿਤ ਅਤੇ ਕਲਾ ਦੇ ਖੇਤਰ ਵਿਚ ਆਪਣੀ ਨਿਵੇਕਲੀ ਪਛਾਣ ਕਾਇਮ ਕਰ ਰਿਹਾ ਹੈ। ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨੌਜਵਾਨ ਕਵੀ ਨੇ ਆਪਣੀ ਛੋਟੀ ਜਿਹੀ ਉਮਰ ਵਿਚ ਹੀ ਕਈ ਸ਼ਾਨਦਾਰ ਪ੍ਰਾਪਤੀਆਂ ਕਰ ਲਈਆਂ ਹਨ l ਦਰਜਨਾਂ ਪੁਸਤਕਾਂ ਦੇ ਟਾਈਟਲ ਚਿੱਤਰ ਅਤੇ ਰਚਨਾਵਾਂ ਨਾਲ ਚਿੱਤਰਕਾਰੀ ਕਰਕੇ ਸਿਰਜਣਾ ਦੇ ਖੇਤਰ ਵਿੱਚ ਵੀ ਚਾਰ ਪੁਸਤਕਾਂ ਦਾ ਯੋਗਦਾਨ ਪਾਇਆ ਹੈ। ਉਹ ਮਲਟੀ ਮੀਡੀਆ ਦੇ ਖੇਤਰ ਵਿਚ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਨਿੱਕਿਆ ਕਰੂੰਬਲਾਂ ਰਾਹੀਂ ਉਸ ਦੀ ਸਿਰਜਣਸ਼ੀਲਤਾ ਦੀ ਉਡਾਰੀ ਉਚੇਰੀ ਹੋ ਰਹੀ ਹੈ। ਪੁਸਤਕ ਰੁਮਾਲ ਦੇ ਧਾਗੇ ਵਿੱਚ ਜਿੱਥੇ ਉਸ ਨੇ ਸਵੈ ਦੀਆਂ ਗੱਲਾਂ ਕੀਤੀਆਂ ਹਨ ਉਥੇ ਸਮਾਜ ਦੀ ਪੁਣਛਾਣ ਵੀ ਕੀਤੀ ਹੈ। ਇਹ ਨਿੱਕੀ ਜਿਹੀ ਪੁਸਤਕ ਸਮਾਜ ਨੂੰ ਵੱਡੇ ਸੁਨੇਹੇ ਦਿੰਦੀ ਹੈ। ਪੁਸਤਕ ਦਾ ਮਨੋਰਥ ਨੌਜਵਾਨ ਪੀੜੀ ਨੂੰ ਉਸਾਰੂ ਕਦਰਾਂ ਕੀਮਤਾਂ ਨਾਲ ਲੈਸ ਕਰਨਾ ਹੈ l ਸੁਖਮਨ ਸਿੰਘ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਬੋਲਦਿਆਂ ਕਿਹਾ ਕਿ ਉਸ ਦੀਆਂ ਰਚਨਾਵਾਂ ਵਿਚ ਬਹੁਤੇ ਨਿੱਜੀ ਅਨੁਭਵ ਹਨ। ਜੋ ਸਮਾਜਕ ਵਰਤਾਰਾ ਵਰਤ ਰਿਹਾ ਹੈ। ਉਹਨਾਂ ਵਰਤਾਰਿਆਂ ਨੂੰ ਆਪਣੀ ਸ਼ੈਲੀ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ। ਉਸਨੇ ਅੱਗੇ ਕਿਹਾ ਕਿ ਉਸ ਦੀਆਂ ਪ੍ਰਾਪਤੀਆਂ ਦਾ ਮੁੱਢ ਨਿੱਕਿਆ ਕਰੂੰਬਲਾਂ ਪਰਿਵਾਰ ਵਿੱਚ ਸ਼ਾਮਿਲ ਹੋ ਕੇ ਬੱਝਿਆ l
ਇਸ ਸਮਾਗਮ ਵਿੱਚ ਹਰਮਨਪ੍ਰੀਤ ਕੌਰ, ਹਰਵੀਰ ਮਾਨ, ਪਵਨ ਸਕਰੂਲੀ, ਮਨਜੋਤ ਸਿੰਘ, ਮਨਜਿੰਦਰ ਸਨੀ ਹੀਰ ਲੰਗੇਰੀ, ਰਘਵੀਰ ਸਿੰਘ ਕਲੋਆ ਸਮੇਤ ਸਾਹਿਤ ਪ੍ਰੇਮੀ ਸ਼ਾਮਲ ਹੋਏ l ਅੰਤ ਵਿੱਚ ਧੰਨਵਾਦ ਕੁਲਦੀਪ ਕੌਰ ਬੈਂਸ ਵੱਲੋਂ ਕੀਤਾ ਗਿਆ।
0 comments:
एक टिप्पणी भेजें