Contact for Advertising

Contact for Advertising

Latest News

सोमवार, 20 फ़रवरी 2023

ਓਲੰਪਿਕ ਲਈ ਕੁਆਲੀਫ਼ਾਈ ਐਥਲੀਟ ਅਕਸ਼ਦੀਪ ਹੋਏ ਵਿਦਿਆਰਥੀਆਂ ਦੇ ਰੂਬਰੂ -ਨੈਵਰ, ਨੈਵਰ, ਨੈਵਰ ਗਿਵ ਅੱਪ ਦਾ ਦਿੱਤਾ ਸੰਦੇਸ਼

 ਓਲੰਪਿਕ ਲਈ ਕੁਆਲੀਫ਼ਾਈ ਐਥਲੀਟ ਅਕਸ਼ਦੀਪ ਹੋਏ ਵਿਦਿਆਰਥੀਆਂ ਦੇ ਰੂਬਰੂ

-ਨੈਵਰ, ਨੈਵਰ, ਨੈਵਰ ਗਿਵ ਅੱਪ ਦਾ ਦਿੱਤਾ ਸੰਦੇਸ਼


ਬਰਨਾਲਾ, 20 ਫਰਵਰੀ (ਸੁਖਵਿੰਦਰ ਸਿੰਘ ਭੰਡਾਰੀ, ਅਸ਼ੋਕ ਭਾਰਦਵਾਜ) ਰਾਂਚੀ (ਝਾਰਖੰਡ) ਵਿਖੇ 10ਵੀਂ ਭਾਰਤੀ ਓਪਨ ਪੈਦਲ ਤੋਰ ਮੁਕਾਬਲੇ ਵਿਚ ਨੈਸ਼ਨਲ ਰਿਕਾਰਡ ਤੋੜਦਿਆਂ ਓਲੰਪਿਕ, ਏਸ਼ੀਅਨ ਗੇਮਜ਼ ਅਤੇ ਵਰਲਡ ਚੈਂਪੀਅਨਸ਼ਿਪ ਲਈ ਕੁਆਲੀਫਾਈ ਹੋਏ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਹਨੇਕੇ ਦੇ ਜੰਮਪਲ ਅਥਲੀਟ ਅਕਸ਼ਦੀਪ ਸਿੰਘ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਵੱਲੋਂ ਪ੍ਰੇਰਣਾਤਮਕ ਭਾਸ਼ਣ ਲਈ ਜੂਮ ਮੀਟਿੰਗ ਰਾਹੀਂ ਵਿਦਿਆਰਥੀਆਂ ਦੇ ਰੂਬਰੂ ਕੀਤਾ ਗਿਆ। ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਅਥਲੀਟ ਅਕਸ਼ਦੀਪ ਸਿੰਘ ਨੇ ਕਿਹਾ ਕੇ ਭਾਰਤੀ ਸੈਨਾ ਵਿਚ ਭਰਤੀ ਹੋਣ ਦਾ ਸੁਪਨਾ ਮਨ ਵਿੱਚ ਪਾਲਦਿਆਂ ਉਹ ਪਿੰਡ ਕਾਹਨੇਕੇ ਦੀਆਂ ਗਲੀਆਂ, ਪਹੀਆਂ ਅਤੇ ਪੱਟੜੀਆਂ  ਤੇ ਦੌੜਿਆ। ਇੱਕ ਗਰੀਬ ਤੇ ਸਾਧਾਰਨ ਕਿਸਾਨ ਪ੍ਰੀਵਾਰ ਤੋਂ ਹੋਣ ਕਰਕੇ ਆਰਥਿਕ ਤੌਰ ਤੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਿਰਫ਼ ਡੇਢ ਏਕੜ ਜ਼ਮੀਨ ਹੋਣ ਕਾਰਣ ਉਨ੍ਹਾਂ ਦੇ ਪਿਤਾ ਗੁਰਜੰਟ ਸਿੰਘ ਟਰਾਈਡੈਂਟ ਫੈਕਟਰੀ ਵਿੱਚ ਨੌਕਰੀ ਕਰਦੇ ਹਨ ਤੇ ਮਾਤਾ ਰੁਪਿੰਦਰ ਕੌਰ ਸਕੂਲ ਵਿੱਚ ਆਂਗਨਵਾੜੀ ਵਰਕਰ ਹਨ। ਜਿਨ੍ਹਾਂ ਨੇ ਤੰਗੀਆਂ-ਤੁਰਛੀਆਂ ਝੱਲਦੇ ਆਪਣੇ ਖਰਚੇ ਵਿਚੋਂ ਬੱਚਤ ਕਰਦਿਆਂ ਅਤੇ ਕਰਜ਼ਾ ਲੈ ਕੇ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਸਖ਼ਤ ਮਿਹਨਤ ਕੀਤੀ। ਉਨ੍ਹਾਂ ਕਿਹਾ ਕੇ ਉਨ੍ਹਾਂ ਦਾ ਹੁਣ ਇੱਕੋ ਇੱਕ ਮਕਸਦ ਆਉਣ ਵਾਲੀਆਂ ਉਲੰਪਿਕ ਖੇਡਾਂ ਵਿਚ ਭਾਰਤ ਦੀ ਝੋਲੀ ਵਿੱਚ ਸੋਨੇ ਦਾ ਤਮਗਾ ਪਾਉਣਾ ਹੈ। ਉਨ੍ਹਾਂ ਕਿਹਾ ਕਿ ਪੈਰਿਸ ਓਲੰਪਿਕ 2024 ਲਈ ਦੇਸ਼ ਲਈ ਅਥਲੈਟਿਕ ਵਿੱਚੋਂ ਕੁਆਲੀਫਾਈ ਕਰਨ ਵਾਲੇ ਉਹ ਪਹਿਲੇ ਭਾਰਤੀ ਹਨ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਕੋਈ ਵੀ ਪ੍ਰਾਪਤੀ ਇੱਕ ਦਿਨ ਵਿੱਚ ਨਹੀਂ ਹੋ ਸਕਦੀ। ਇਸ ਲਈ ਸਖ਼ਤ ਮਿਹਨਤ, ਸਵੈ ਵਿਸ਼ਵਾਸ, ਆਪਣੇ ਗੁਰੂ, ਅਧਿਆਪਕ ਅਤੇ ਕੋਚ ਦੇ ਸਤਿਕਾਰ ਅਤੇ ਸਮਰਪਣ ਭਾਵ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਅਬਦੁੱਲ ਕਲਾਮ ਅਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੇ ਜੀਵਨ ਤੋਂ ਉਹਨਾਂ ਨੂੰ ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਆਰਥਿਕ ਅਤੇ ਮਾਨਸਿਕ ਹਾਲਤਾਂ ਨਾਲ ਨਜਿੱਠਣ ਲਈ ਬਹੁਤ ਪ੍ਰੇਰਣਾ ਅਤੇ ਹੌਸਲਾ ਮਿਲਿਆ ਅਤੇ ਖੇਡ ਦੀ ਦੁਨੀਆਂ ਵਿੱਚੋਂ ਮਿਲਖਾ ਸਿੰਘ, ਪੀ ਟੀ ਊਸ਼ਾ, ਬਲਬੀਰ ਸਿੰਘ, ਮਨਜੀਤ ਕੌਰ ਉਨ੍ਹਾਂ ਦੇ ਪ੍ਰੇਰਣਾ ਸਰੋਤ ਬਣੇ। ਉਹਨਾਂ ਕਿਹਾ ਕਿ ਆਪਣੇ ਸਫ਼ਰ ਦੀ ਸ਼ਰੂਆਤ ਬਰਨਾਲਾ ਤੋਂ ਕੋਚ ਜਸਪ੍ਰੀਤ ਸਿੰਘ ਫਿਰ ਯੂਨੀਵਰਸਿਟੀ ਕੋਚ ਗੁਰਦੇਵ ਸਿੰਘ ਦੀ ਰਹਿਨੁਮਾਈ ਹੇਠ ਅਤੇ ਹੁਣ ਰਾਸ਼ਟਰੀ ਟੀਮ ਵਿੱਚ ਕੋਚ ਗੁਰਮੀਤ ਸਿੰਘ ਅਤੇ ਤਾਤੀਆਸਿਵੀਲਿਵਾ ਉਹਨਾਂ ਦਾ ਮਾਰਗ ਦਰਸ਼ਨ ਕਰ ਰਹੇ ਹਨ।ਉਨ੍ਹਾਂ ਬੱਚਿਆਂ ਨੂੰ ਨੈਵਰ, ਨੈਵਰ, ਨੈਵਰ ਗਿਵ ਅੱਪ ਦਾ ਸੰਦੇਸ਼ ਦਿੰਦਿਆਂ ਹੋਇਆ ਆਪਣੀ ਜ਼ਿੰਦਗੀ ਦੇ ਟੀਚੇ ਨੂੰ ਨਿਰਧਾਰਤ ਕਰਨ ਅਤੇ ਉਸਦੀ ਪ੍ਰਾਪਤੀ ਲਈ ਇਮਾਨਦਾਰੀ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਤੁਹਾਡੀ ਤਰੱਕੀ ਇਸ ਗੱਲ ਤੇ ਖੜ੍ਹੀ ਹੈ ਕਿ ਤੁਸੀਂ ਆਪਣੀ ਰੋਜ਼ਾਨਾ ਰੂਟੀਨ ਤੋਂ ਇਲਾਵਾ ਅੱਗੇ ਵਧਣ ਲਈ ਹੋਰ ਅਲੱਗ ਤੋਂ ਕੀ ਕਰ ਰਹੇ ਹੋ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕੀਤੀ ਗਈ ਵਿੱਤੀ ਸਹਾਇਤਾ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੰਤਰੀ ਗੁਰਮੀਤ ਸਿੰਘ ਮੀਤ ਇਹ ਉਨ੍ਹਾਂ ਦੇ ਵੱਡੇ ਭਰਾ ਵਾਂਗ ਹਨ, ਜਿਨ੍ਹਾਂ ਨੇ ਅੱਗੇ ਵਧਣ ਲਈ ਉਨ੍ਹਾਂ ਦੀ ਕਾਫੀ ਸਪੋਰਟ ਕੀਤੀ ਹੈ। ਅਥਲੀਟ ਅਕਸ਼ਦੀਪ ਸਿੰਘ ਨੇ ਕਿਹਾ ਵਿੱਤੀ ਤੌਰ ਤੇ ਕਮਜ਼ੋਰ ਹੋਣ ਕਰਕੇ ਅਜੇ ਵੀ ਉਸਨੂੰ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਉਲੰਪਿਕ ਵਿੱਚ ਉਹਨਾਂ ਦੇ ਨਾਲ ਜ਼ਿਲ੍ਹਾ ਬਰਨਾਲਾ ਅਤੇ ਪੰਜਾਬ ਦੇ ਹੋਰ ਖਿਡਾਰੀ ਵੀ ਕੁਆਲੀਫਾਈ ਕਰਨ। ਭਾਸ਼ਣ ਦੇ ਅੰਤ ਵਿੱਚ ਉਹਨਾਂ ਨੇ ਵਿਦਿਆਰਥੀਆਂ ਆਗਾਮੀ ਪ੍ਰੀਖਿਆ ਲਈ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਨੇ ਕਿਹਾ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਖੇਤਰ ਦਾ ਹੀਰਾ ਪੁੱਤ ਉਲੰਪਿਕ ਖੇਡਾਂ ਵਿੱਚ ਕੁਆਲੀਫਾਈ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਾਡੇ ਹਰੇਕ ਪਿੰਡ ਵਿੱਚ ਹਰੇਕ ਟੈਲੇਂਟ ਛੁੱਪਿਆ ਪਿਆ ਹੈ। ਪਿੰਡ ਦੀਆਂ ਪੰਚਾਇਤਾਂ, ਕਲੱਬਾਂ ਆਦਿ ਨੂੰ ਇਹਨਾਂ ਟੈਲੇਂਟਡ ਬੱਚਿਆਂ ਨੂੰ ਪਛਾਣਨ ਅਤੇ ਤਰਾਸ਼ਣ ਦੀ ਲੋੜ ਹੈ। ਉਹਨਾਂ ਕਿਹਾ ਕਿ ਜਿੱਥੇ ਅਸੀਂ ਲੱਖਾਂ ਰੁਪਏ ਖਰਚ ਕਰਕੇ ਖੇਡ ਟੂਰਨਾਮੈਂਟ ਕਰਵਾਉਂਦੇ ਹਾਂ, ਉਥੇ ਹੀ ਕੁਝ ਰੁਪਏ ਖ਼ਰਚ ਕਰਕੇ ਹਰੇਕ ਪਿੰਡ ਵਿੱਚ ਖੇਡ ਦੇ ਮੈਦਾਨ ਵਿੱਚ ਪੱਕੇ ਤੌਰ ਤੇ ਇੱਕ ਕੋਚ, ਗਰਾਊਂਡਕੀਪਰ ਅਤੇ ਸਮਾਨ ਦੀ ਵਿਵਸਥਾ ਕਰਨੀ ਚਾਹੀਦੀ ਹੈ। ਉਹਨਾਂ ਸਾਡੇ ਵਿਦੇਸ਼ ਵਸਦੇ ਐਨਆਰਆਈਜ਼ ਭਰਾਵਾਂ, ਐਨਜੀਓਜ਼ ਅਤੇ ਖੇਡ ਪ੍ਰੇਮੀਆਂ ਨੂੰ ਅਥਲੀਟ ਅਕਸ਼ਦੀਪ ਦੀ ਆਰਥਿਕ ਮੱਦਦ ਕਰਨ ਦੀ ਵੀ ਅਪੀਲ ਕੀਤੀ। ਅੰਤ ਵਿੱਚ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਅਥਲੀਟ ਅਕਸ਼ਦੀਪ ਨੂੰ ਮੋਮੇਂਟੋ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਹਰਕੰਵਲਜੀਤ ਕੌਰ, ਪ੍ਰਿੰਸੀਪਲ ਰਾਕੇਸ਼ ਕੁਮਾਰ, ਹੈਡਮਾਸਟਰ ਪਰਦੀਪ ਸ਼ਰਮਾ ਕਾਹਨੇਕੇ, ਐਥਲੀਟ ਅਕਸ਼ਦੀਪ ਦੇ ਪਿਤਾ ਗੁਰਜੰਟ ਸਿੰਘ, ਡੀਐੱਮ ਸਪੋਰਟਸ ਸਿਮਰਦੀਪ ਸਿੰਘ, ਲੈਕਚਰਾਰ ਮੈਡਮ ਰੇਨੂੰ ਬਾਲਾ, ਡੀਐਮ ਗਣਿਤ ਕਮਲਦੀਪ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਅਤੇ ਅਧਿਆਪਕ ਜ਼ੂਮ ਮੀਟਿੰਗ ਰਾਹੀਂ ਹਾਜ਼ਰ ਰਹੇ।

ਓਲੰਪਿਕ ਲਈ ਕੁਆਲੀਫ਼ਾਈ ਐਥਲੀਟ ਅਕਸ਼ਦੀਪ ਹੋਏ ਵਿਦਿਆਰਥੀਆਂ ਦੇ ਰੂਬਰੂ  -ਨੈਵਰ, ਨੈਵਰ, ਨੈਵਰ ਗਿਵ ਅੱਪ ਦਾ ਦਿੱਤਾ ਸੰਦੇਸ਼
  • Title : ਓਲੰਪਿਕ ਲਈ ਕੁਆਲੀਫ਼ਾਈ ਐਥਲੀਟ ਅਕਸ਼ਦੀਪ ਹੋਏ ਵਿਦਿਆਰਥੀਆਂ ਦੇ ਰੂਬਰੂ -ਨੈਵਰ, ਨੈਵਰ, ਨੈਵਰ ਗਿਵ ਅੱਪ ਦਾ ਦਿੱਤਾ ਸੰਦੇਸ਼
  • Posted by :
  • Date : फ़रवरी 20, 2023
  • Labels :
  • Blogger Comments
  • Facebook Comments

0 comments:

एक टिप्पणी भेजें

Top