ਮੀਟਿੰਗ 'ਚ ਸਿਰਫ ਚਹੇਤੇ ਦਲਾਂ ਨੂੰ ਸੱਦਾ, ਸਸਪਾ ਨੇ ਮੁੱਖ ਮੰਤਰੀ ਨੂੰ ਕੀਤੀ ਮੇਲ: ਡਾ.ਰਾਣੂੰ
ਚੰਡੀਗੜ੍ਹ, (ਡਾ ਰਾਕੇਸ਼ ਪੁੰਜ) ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਬਾਰਡਰ ਏਰੀਆ ਵਿੱਚ ਬੀ.ਐਸ.ਐਫ. ਦਾ ਘੇਰਾ 15 ਤੋਂ ਵਧਾ ਕੇ 50 ਕਿਲੋਮੀਟਰ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਭਲਕੇ 25 ਅਕਤੂਬਰ ਨੂੰ ਬੁਲਾਈ ਗਈ ਸਰਬ-ਪਾਰਟੀ ਮੀਟਿੰਗ ਬਾਰੇ ਸਹਿਜਧਾਰੀ ਸਿੱਖ ਪਾਰਟੀ (ਸਸਪਾ) ਦੇ ਕੌਮੀ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂੰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਵਿੱਚ ਹਰੇਕ ਰਾਜਨੀਤਕ ਪਾਰਟੀ ਨੂੰ ਸੱਦਾ ਦਿੱਤਾ ਜਾਣਾ ਚਾਹੀਦਾ ਸੀ ਜਦਕਿ ਸਰਕਾਰ ਵੱਲੋਂ ਓਹੀ ਕੁਝ ਕੁ ਚੋਣਵੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਹੈ। ਇਸੇ ਸਬੰਧ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਈਮੇਲ ਰਾਹੀਂ ਲਿਖਤੀ ਪੱਤਰ ਵੀ ਭੇਜਿਆ ਹੈ।
ਮੁੱਖ ਮੰਤਰੀ ਨੂੰ ਲਿਖੇ ਗਏ ਪੱਤਰ ਬਾਰੇ ਜਾਣਕਾਰੀ ਦਿੰਦਿਆਂ ਸਸਪਾ ਦੇ ਜਨਰਲ ਸਕੱਤਰ ਜਗਤਾਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਲੋਕ ਪ੍ਰਤੀਨਿਧਤਾ ਐਕਟ 1951 ਮੁਤਾਬਕ ਭਾਰਤ ਦੇ ਚੋਣ ਕਮਿਸ਼ਨਰ ਕੋਲ ਰਜਿਸਟਰਡ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਸ਼ਮੂਲੀਅਤ ਜ਼ਰੂਰੀ ਸੀ। ਜਿਹਡ਼ੀਆਂ ਪਾਰਟੀਆਂ ਨੂੰ ਸਰਕਾਰ ਵੱਲੋਂ ਸਰਬ-ਪਾਰਟੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ, ਉਹ ਪਾਰਟੀਆਂ ਦੇ ਨੁਮਾਇੰਦੇ ਤਾਂ ਵਿਧਾਨ ਸਭਾ ਵਿੱਚ ਹੋਣ ਵਾਲੀਆਂ ਮੀਟਿੰਗਾਂ ਵਿੱਚ ਅਕਸਰ ਹੀ ਸ਼ਾਮਿਲ ਹੁੰਦੇ ਰਹਿੰਦੇ ਹਨ।
ਇਸ ਲਈ ਇਹ ਕੁਝ ਕੁ ਚੋਣਵੀਆਂ ਪਾਰਟੀਆਂ ਦੀ ਮੀਟਿੰਗ ਮਹਿਜ ਇੱਕ ਛਲਾਵਾ ਹੈ। ਉਨ੍ਹਾਂ ਕਿਹਾ ਕਿ ਸਹਿਜਧਾਰੀ ਸਿੱਖ ਪਾਰਟੀ ਪਿਛਲੇ 19 ਸਾਲਾਂ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਹਮਾਇਤੀ ਰਹੀ ਹੈ। ਇਸ ਦੇ ਬਾਵਜੂਦ ਵੀ ਪਾਰਟੀ ਨੂੰ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਕੋਈ ਸੱਦਾ ਨਹੀਂ ਭੇਜਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਸਹਿਜਧਾਰੀ ਸਿੱਖ ਪਾਰਟੀ ਨੂੰ ਵੀ ਭਲਕੇ 25 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਬੁਲਾਇਆ ਜਾਵੇ ਤਾਂ ਜੋ ਇਸ ਭਖਦੇ ਮਸਲੇ ਉਤੇ ਸਸਪਾ ਵੀ ਆਪਣੀ ਰਾਇ ਪੇਸ਼ ਕਰ ਸਕੇ।

0 comments:
एक टिप्पणी भेजें