ਗੁੱਸੇ ਵਿਚ ਆਏ ਆੜ੍ਹਤੀਏ ਨੇ ਮੰਡੀ ਵਿਚ ਹੀ ਕਰ ਦਿੱਤਾ ਕਿਸਾਨ ਦਾ ਕਤਲ
ਤਰਨਤਾਰਨ-(ਪੁੰਜ)ਗੁੱਸੇ ਵਿਚ ਆਏ ਆੜ੍ਹਤੀਏ ਨੇ ਮੰਡੀ ਵਿਚ ਹੀ ਕਿਸਾਨ ਦਾ ਕਤਲ ਕਰ ਦਿੱਤਾ। ਜ਼ਿਲ੍ਹਾ ਤਰਨਤਾਰਨ ਵਿਚ ਪੈਂਦੀ ਦਾਣਾ ਮੰਡੀ ਸਭਰਾ ਵਿਖੇ ਝੋਨੇ ਦੀ ਲੱਦਾਈ ਨੂੰ ਲੈ ਕੇ ਹੋਏ ਵਿਵਾਦ ਦੇ ਚਲਦਿਆਂ ਇਕ ਆੜ੍ਹਤੀਏ ਵੱਲੋਂ ਕਿਸਾਨ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਏ। ਪੀੜਤ ਪਰਿਵਾਰ ਅਨੁਸਾਰ ਪਿੰਡ ਸਭਰਾ ਦੇ ਹੀ ਰਹਿਣ ਵਾਲੇ ਆੜ੍ਹਤੀਏ ਜਗਤਾਰ ਸਿੰਘ ਨੇ ਆਪਣੇ ਕੁੱਝ ਸਾਥੀਆਂ ਨਾਲ ਮਿਲ ਕੇ ਬਲਵਿੰਦਰ ਸਿੰਘ ਦੇ ਢਿੱਡ ਵਿਚ ਕੋਈ ਨੁਕੀਲੀ ਚੀਜ਼ ਮਾਰ ਦਿੱਤੀ, ਜਿਸ ਤੋਂ ਬਾਅਦ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਬਲਵਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਇਸ ਦੌਰਾਨ ਕਿਸਾਨ ਦੇ ਬੇਟੇ ਰਣਜੀਤ ਸਿੰਘ ਨੂੰ ਵੀ ਹਮਲਾ ਕਰਕੇ ਜ਼ਖ਼ਮੀ ਕੀਤਾ ਗਿਆ। ਕਿਸਾਨ ਬਲਵਿੰਦਰ ਸਿੰਘ ਦੇ ਕਤਲ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਐ। ਰੋਂਦੇ ਹੋਏ ਮ੍ਰਿਤਕ ਕਿਸਾਨ ਦੀ ਭੈਣ ਨੇ ਦਸਿਆ ਕਿ ਜਿਸ ਨੇ ਉਸ ਦੇ ਭਰਾ ਨੂੰ ਮਾਰਿਆ ਹੈ, ਉਸ ਨੂੰ ਫਾਂਸੀ 'ਤੇ ਲਟਕਾਇਆ ਜਾਵੇ। ਮ੍ਰਿਤਕ ਕਿਸਾਨ ਬਲਵਿੰਦਰ ਸਿੰਘ ਦੇ ਭਰਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਜਗਤਾਰ ਸਿੰਘ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਪੱਟੀ ਦੇ ਐਸਐਚਓ ਲਖਬੀਰ ਸਿੰਘ ਨੇ ਦੱਸਿਆ ਕਿ ਮੰਡੀ ਵਿਚ ਝੋਨੇ ਦੀ ਲਦਾਈ ਨੂੰ ਲੈ ਕੇ ਜਗਤਾਰ ਸਿੰਘ ਆੜ੍ਹਤੀ ਨਾਲ ਕਿਸਾਨ ਬਲਵਿੰਦਰ ਸਿੰਘ ਅਤੇ ਉਸ ਦੇ ਬੇਟੇ ਰਣਜੀਤ ਸਿੰਘ ਦਾ ਕੁੱਝ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਜਗਤਾਰ ਸਿੰਘ ਨੇ ਉਸ ਦੇ ਢਿੱਡ ਵਿਚ ਕੋਈ ਨੁਕੀਲੀ ਚੀਜ਼ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ, ਜਦਕਿ ਰਣਜੀਤ ਸਿੰਘ ਜ਼ਖ਼ਮੀ ਹੋ ਗਿਆ।

0 comments:
एक टिप्पणी भेजें