*ਸ਼ਹੀਦਾਂ ਨੂੰ ਸਮਰਪਿਤ ਦੂਜਾ ਮੁਫ਼ਤ ਮਲਟੀ-ਸਪੈਸ਼ਲਟੀ ਮੈਡੀਕਲ ਚੈਕਅੱਪ ਕੈਂਪ ਸਫਲਤਾਪੂਰਵਕ ਸੰਪੰਨ*
*500 ਮਰੀਜ਼ਾਂ ਦਾ ਮੁਫ਼ਤ ਕੀਤਾ ਗਿਆ ਚੈਕਅੱਪ*
ਕਮਲੇਸ਼ ਗੋਇਲ ਖਨੌਰੀ
ਪਟਿਆਲਾ - ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ, ਪਟਿਆਲਾ ਅਤੇ ਆਦਰਸ਼ ਐਜੂਕੇਸ਼ਨਲ ਸੋਸਾਇਟੀ, ਸ਼ੁਤਰਾਣਾ ਦੇ ਸਾਂਝੇ ਉਪਰਾਲੇ ਨਾਲ ਆਦਰਸ਼ ਪਬਲਿਕ ਸਕੂਲ, ਸ਼ੁਤਰਾਣਾ ਵਿਖੇ ਦੂਜਾ ਮੁਫ਼ਤ ਮਲਟੀ-ਸਪੈਸ਼ਲਟੀ ਮੈਡੀਕਲ ਚੈਕਅੱਪ ਕੈਂਪ ਬੜੀ ਸਫਲਤਾਪੂਰਵਕ ਸੰਪੰਨ ਹੋਇਆ। ਇਹ ਕੈਂਪ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ।
ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ ਸਰਪੰਚ ਸੁਰੇਸ਼ ਕੁਮਾਰ ਸ਼ਰਮਾ ਅਤੇ ਪ੍ਰਸਿੱਧ ਧਰਮੀ ਕਬੱਡੀ ਖਿਡਾਰੀ ਵੱਲੋਂ ਰਿਬਨ ਕੱਟ ਕੇ ਕੀਤੀ ਗਈ। ਇਸ ਉਪਰੰਤ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹੋਏ ਉਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਨਮਨ ਕੀਤਾ ਗਿਆ।
ਇਸ ਮੌਕੇ ‘ਤੇ ਟਰੱਸਟ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਵੱਲੋਂ ਹਾਜ਼ਰੀਨ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਸਿਰਫ਼ ਇਤਿਹਾਸ ਨਹੀਂ, ਸਗੋਂ ਸਾਡੇ ਜੀਵਨ ਲਈ ਸਦੀਵੀ ਪ੍ਰੇਰਣਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਨੁੱਖਤਾ ਦੀ ਸੇਵਾ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ ਅਤੇ ਇਸੇ ਉਦੇਸ਼ ਨਾਲ ਟਰੱਸਟ ਵੱਲੋਂ ਇਹ ਕੈਂਪ ਆਯੋਜਿਤ ਕੀਤਾ ਗਿਆ। ਉਨ੍ਹਾਂ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਸੇਵਾ ਪ੍ਰੋਜੈਕਟ ਜਾਰੀ ਰੱਖਣ ਦਾ ਭਰੋਸਾ ਦਿੱਤਾ।
ਆਦਰਸ਼ ਪਬਲਿਕ ਸਕੂਲ, ਸ਼ੁਤਰਾਣਾ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਅਜਿਹੇ ਮੈਡੀਕਲ ਕੈਂਪ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਵਿਅਸਤ ਜੀਵਨ ਸ਼ੈਲੀ ਵਿੱਚ ਲੋਕ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਇਸ ਲਈ ਇਸ ਤਰ੍ਹਾਂ ਦੇ ਉਪਰਾਲੇ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ। ਉਨ੍ਹਾਂ ਟਰੱਸਟ ਦੇ ਇਸ ਯਤਨ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਵੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਮੁੱਖ ਮਹਿਮਾਨਾਂ ਵਿੱਚ ਸਰਪੰਚ ਸੁਰੇਸ਼ ਕੁਮਾਰ ਸ਼ਰਮਾ, ਧਰਮੀ ਕਬੱਡੀ ਖਿਡਾਰੀ, ਕਰਮਜੀਤ ਨੂਰ (ਫਿਜੀਕਲ ਟਰੇਨਰ) ਅਤੇ ਮੋਹਿਤ ਕੁਮਾਰ (ਪੰਚਾਇਤ ਮੈਂਬਰ) ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਾਨੂੰ ਹਮੇਸ਼ਾਂ ਦੇਸ਼ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਅਜਿਹੇ ਸੇਵਾ ਕਾਰਜਾਂ ਨੂੰ ਸਮਾਜ ਵਿੱਚ ਸਕਾਰਾਤਮਕ ਬਦਲਾਅ ਦਾ ਸਾਧਨ ਦੱਸਦੇ ਹੋਏ ਟਰੱਸਟ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।
ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਵੱਖ-ਵੱਖ ਬਿਮਾਰੀਆਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਨੂੰ ਉਚਿਤ ਇਲਾਜ ਸੰਬੰਧੀ ਸਲਾਹ ਦਿੱਤੀ ਗਈ। ਲਗਭਗ 500 ਮਰੀਜ਼ਾਂ ਦਾ ਸਫਲਤਾਪੂਰਵਕ ਚੈਕਅੱਪ ਕੀਤਾ ਗਿਆ, ਜੋ ਕਿ ਇਸ ਕੈਂਪ ਦੀ ਵੱਡੀ ਉਪਲਬਧੀ ਰਹੀ। ਇਸ ਮੌਕੇ ‘ਤੇ ਡਾ. ਅਮਨਦੀਪ ਗਰਗ (ਅੱਖਾਂ ਦੇ ਮਾਹਿਰ), ਡਾ. ਸ਼ਿਮੋਨਾ ਗਰਗ (ਚਮੜੀ ਰੋਗ ਮਾਹਿਰ), ਡਾ. ਕੇ.ਐਸ. ਗਰੋਵਰ (ਹੱਡੀਆਂ ਦੇ ਮਾਹਿਰ), ਡਾ. ਸਿਮਰ ਸ਼ਰਮਾ (ਫਿਜ਼ਿਓਥੈਰੇਪਿਸਟ), ਡਾ. ਅਸਦ (ਮੈਡੀਸਨ ਮਾਹਿਰ), ਡਾ. ਸੋਨਾਲੀ ਅਤੇ ਡਾ. ਅੰਗਦ ਵੱਲੋਂ ਆਪਣੀਆਂ ਕੀਮਤੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।
ਮਰੀਜ਼ਾਂ ਲਈ BMD, ECG, ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ (BP) ਸਮੇਤ ਵੱਖ-ਵੱਖ ਜ਼ਰੂਰੀ ਟੈਸਟ ਮੁਫ਼ਤ ਕੀਤੇ ਗਏ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ ਮਿਜ਼ਾ ਲੈਬ ਪ੍ਰਾਈਵੇਟ ਲਿਮਟਿਡ ਵੱਲੋਂ ਚਮੜੀ ਸੰਬੰਧੀ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ।
ਕੈਂਪ ਦੌਰਾਨ ਸਕੂਲ ਦੇ ਸੰਗੀਤ ਅਧਿਆਪਕ ਸ੍ਰੀ ਰਫੀਕ ਖਾਨ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ਭਗਤੀ ਭਰੇ ਗੀਤ ਪੇਸ਼ ਕਰਕੇ ਸਮਾਗਮ ਨੂੰ ਰੰਗੀਨ ਬਣਾਇਆ ਗਿਆ।
ਅੰਤ ਵਿੱਚ ਕੈਂਪ ਵਿੱਚ ਸੇਵਾਵਾਂ ਨਿਭਾਉਣ ਵਾਲੇ ਸਾਰੇ ਡਾਕਟਰਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਟਰੱਸਟ ਵੱਲੋਂ ਅਮਰ ਹਸਪਤਾਲ ਪਟਿਆਲਾ ਅਤੇ ਗਰਗ ਆਈ ਹਸਪਤਾਲ ਪਟਿਆਲਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ ਅਤੇ ਅੰਤ ਵਿੱਚ ਮਰੀਜ਼ਾਂ ਅਤੇ ਸੇਵਾਦਾਰਾਂ ਲਈ ਰਿਫਰੈਸ਼ਮੈਂਟ ਦਾ ਵੀ ਸੁਚੱਜਾ ਪ੍ਰਬੰਧ ਕੀਤਾ ਗਿਆ।
ਇਸ ਮੌਕੇ ‘ਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਲੈਕਚਰਾਰ ਨਰਿੰਦਰਪਾਲ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ‘ਤੇ ਡਾ. ਰਣਜੀਤ ਸਿੰਘ, ਸੱਤਪਾਲ ਸ਼ਰਮਾ, ਦੀਪਕ ਭਾਰਦਵਾਜ, ਡਾ. ਦੀਪਇੰਦਰ ਸਿੰਘ, ਗੁਰਤੇਜ ਸਿੰਘ, ਡਾ. ਕਰਨ, ਡਾ. ਮੋਹਿਤ, ਅਮਰਿੰਦਰ ਸਿੰਘ ਅਤੇ ਸਕੂਲ ਸਟਾਫ਼ ਮੈਂਬਰ ਵੀ ਮੌਜੂਦ ਸਨ।








0 comments:
एक टिप्पणी भेजें