ਬਲਦੇਵ ਸਿੰਘ ਸੜਕਨਾਮਾ ਸਾਹਿਤਕਾਰਾਂ ਦੇ ਰੂ-ਬ-ਰੂ ਹੋਣਗੇ 31 ਅਗਸਤ ਨੂੰ
ਜਗਜੀਤ ਸਿੰਘ ਲੱਡਾ ਦੇ ਦੋ ਬਾਲ ਗ਼ਜ਼ਲ-ਸੰਗ੍ਰਹਿ ਹੋਣਗੇ ਲੋਕ ਅਰਪਣ
ਸੰਗਰੂਰ, 25 ਅਗਸਤ ( ਕਮਲੇਸ਼ ਗੋਇਲ ਖਨੌਰੀ ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ 31 ਅਗਸਤ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਲੇਖਕ ਭਵਨ ਸੰਗਰੂਰ ਵਿਖੇ ਸਿਰਮੌਰ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਰਿਆਸਤੀ ਸ਼ਹਿਰ ਸੰਗਰੂਰ ਦੇ ਸਾਹਿਤਕਾਰਾਂ ਦੇ ਰੂ-ਬ-ਰੂ ਹੋ ਰਹੇ ਹਨ। ਇਸ ਸਮਾਗਮ ਵਿੱਚ ਬਾਲ ਸਾਹਿਤ ਵਿੱਚ ਪਹਿਲੀ ਵਾਰ ਗ਼ਜ਼ਲ ਵਿਧਾ ਲਿਆਉਣ ਵਾਲੇ ਬਾਲ-ਗ਼ਜ਼ਲਕਾਰ ਜਗਜੀਤ ਸਿੰਘ ਲੱਡਾ ਦੇ ਦੋ ਬਾਲ ਗ਼ਜ਼ਲ-ਸੰਗ੍ਰਹਿ ‘ਸੁਰੀਲੇ ਸਾਜ਼’ ਅਤੇ ‘ਪੰਜਾਬੀ ਕਲਮਾਂ’ ਲੋਕ ਅਰਪਣ ਕੀਤੇ ਜਾਣਗੇ। ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਇਸ ਪ੍ਰਭਾਵਸ਼ਾਲੀ ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਅਤੇ ਆਲੋਚਕ ਡਾ. ਸੁਰਜੀਤ ਬਰਾੜ ਕਰਨਗੇ। ਇਸ ਮੌਕੇ ਹੋਣ ਵਾਲੀ ਵਿਚਾਰ-ਚਰਚਾ ਵਿੱਚ ਡਾ. ਸੰਪੂਰਨ ਸਿੰਘ ਟੱਲੇਵਾਲੀਆ, ਡਾ. ਮੀਤ ਖਟੜਾ, ਡਾ. ਮਨਜਿੰਦਰ ਸਿੰਘ, ਡਾ. ਮਨੀਸ਼ਾ ਰਾਣੀ, ਰਾਮ ਸਰੂਪ ਸ਼ਰਮਾ, ਸੁਖਵਿੰਦਰ ਪੱਪੀ ਅਤੇ ਸੁਖਵਿੰਦਰ ਸਿੰਘ ਬਾਲੀਆਂ ਆਦਿ ਬੁੱਧੀਜੀਵੀ ਹਿੱਸਾ ਲੈਣਗੇ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਸਭਾ ਵੱਲੋਂ ਬਲਦੇਵ ਸਿੰਘ ਸੜਕਨਾਮਾ ਅਤੇ ਜਗਜੀਤ ਸਿੰਘ ਲੱਡਾ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਅਤੇ ਜਨਮ ਅਸ਼ਟਮੀ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਵੇਗਾ।
0 comments:
एक टिप्पणी भेजें