ਤਨਖਾਹਾਂ ਨਾ ਮਿਲਣ ਕਾਰਨ ਫਰਦ ਕੇਂਦਰ ਧਨੌਲਾ ਦੇ ਮੁਲਾਜ਼ਮਾਂ ਨੇ ਕੀਤੀ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 4 ਜੂਨ :-- ਪੂਰੇ ਪੰਜਾਬ ਵਿੱਚ ਫਰਦ ਕੇਂਦਰਾਂ ਦੇ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਧਨੌਲਾ ਵਿੱਚ ਵੀ ਅੱਜ ਡੀਐਮ ਬਰਨਾਲਾ ਸਤਵੰਤ ਸਿੰਘ ਦੀ ਅਗਵਾਈ ਵਿੱਚ ਫਰਦ ਕੇਂਦਰ ਅਪਰੇਟਰ ਅਮਨਦੀਪ ਕੌਰ, ਕੰਵਰਜੀਤ ਸਿੰਘ, ਕੁਲਦੀਪ ਸਿੰਘ ਵੱਲੋਂ ਵੀ ਹੜਤਾਲ ਸ਼ੁਰੂ ਕਰਕੇ ਨਾਇਬ ਤਹਿਸੀਲਦਾਰ ਧਨੌਲਾ ਸ. ਰਾਜਪਿਰਤਪਾਲ ਸਿੰਘ ਨੂੰ ਮੈਮੋਰੰਡਮ ਦਿੱਤਾ ਗਿਆ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਇਹਨਾਂ ਆਪਰੇਟਰਾਂ ਨੇ ਦੱਸਿਆ ਕਿ ਅਸੀਂ ਲੰਘੇ ਦਿਨੀ ਡੀਸੀ ਸਾਹਿਬ ਬਰਨਾਲਾ ਨੂੰ ਵੀ ਮੈਮੋਰੰਡਮ ਦਿੱਤਾ ਸੀ। ਇਹਨਾਂ ਕਿਹਾ ਸਾਨੂੰ ਅਪ੍ਰੈਲ ਅਤੇ ਮਈ ਦੀ ਤਨਖਾਹ ਨਹੀਂ ਮਿਲੀ ਜਿਸ ਕਰਕੇ ਸਾਨੂੰ ਘਰ ਦੇ ਗੁਜ਼ਾਰੇ ਕਰਨੇ ਬਹੁਤ ਔਖੇ ਹੋ ਰਹੇ ਹਨ। ਇਹਨਾਂ ਕਿਹਾ ਕਿ ਸਰਕਾਰ ਵੱਲੋਂ ਜਿਹੜਾ ਕੰਪਨੀ ਨਾਲ ਕੰਟਰੈਕਟ ਕੀਤਾ ਗਿਆ ਸੀ ਉਹ ਅਕਤੂਬਰ 2024 ਨੂੰ ਖਤਮ ਹੋ ਗਿਆ। ਪੰਜਾਬ ਸਰਕਾਰ ਨੇ ਕੰਪਨੀ ਦੇ ਕੰਟਰੈਕਟ ਵਿੱਚ ਕੋਈ ਵਾਧਾ ਨਹੀਂ ਕੀਤਾ ਇਸ ਕਰਕੇ ਸਾਨੂੰ ਕੰਪਨੀ ਤਨਖਾਹਾਂ ਦੇਣ ਤੋਂ ਆਨਾ ਕਾਨੀ ਕਰ ਰਹੀ ਹੈ। ਇਹਨਾਂ ਦੱਸਿਆ ਕਿ ਪੰਜਾਬ ਵਿੱਚ ਕੁੱਲ 900 ਤੋਂ ਵੱਧ ਫਰਦ ਅਪਰੇਟਰ ਮੁਲਾਜ਼ਮਾਂ ਹਨ ਜੋ ਪਿਛਲੇ 2007 ਤੋਂ ਲਗਾਤਾਰ ਕੰਮ ਕਰ ਰਹੇ ਹਨ ਅਤੇ ਦਿਨ ਰਾਤ ਐਤਵਾਰ ਨੂੰ ਵੀ ਮਿਹਨਤਾਂ ਕਰਕੇ ਇਹਨਾਂ ਨੇ ਜਮੀਨਾਂ ਦਾ ਕੰਮ, ਫਰਦਾਂ ਦਾ ਕੰਮ ਤੇ ਹੋਰ ਕੰਮ ਆਨਲਾਈਨ ਕੀਤੇ ਹਨ। ਇਹਨਾਂ ਕਿਹਾ ਕਿ ਸਾਨੂੰ ਡੀਸੀ ਰੇਟ ਤੋਂ ਵੀ ਘੱਟ ਤਨਖਾਹ ਮਿਲਦੀ ਹੈ, ਨਾ ਕੋਈ ਮਹਿੰਗਾਈ ਪੱਤਾ, ਨਾ ਓਵਰ ਟਾਈਮ, ਨਾ ਕੋਈ ਛੁੱਟੀ । ਇਹਨਾਂ ਭਰੇ ਮਨ ਨਾਲ ਕਿਹਾ ਕਿ ਸਾਨੂੰ ਕਰੀਬ 8 ਹਜਾਰ ਰੁਪਏ ਤੋਂ ਵੀ ਘੱਟ ਪੈਸੇ ਮਿਲਦੇ ਹਨ, ਜਿਨਾਂ ਨਾਲ ਤੁਸੀਂ ਆਪ ਹੀ ਦੇਖ ਲਓ ਕਿ ਅੱਜ ਕੱਲ ਮਹਿੰਗਾਈ ਦੇ ਜਮਾਨੇ ਵਿੱਚ ਕਿੰਨਾ ਕੁ ਗੁਜ਼ਾਰਾ ਹੋ ਸਕਦਾ, ਆਮ ਤੌਰ ਤੇ ਲੇਬਰ ਦੀ ਦਿਹਾੜੀ ਵੀ 700 ਤੋਂ 800 ਰੁਪਏ ਹੈ। ਇਹਨਾਂ ਕਿਹਾ ਕਿ ਅਸੀਂ ਇਸ ਉਮੀਦ ਨਾਲ ਕੰਮ ਕਰ ਰਹੇ ਹਾਂ ਕਿ ਕੋਈ ਸਰਕਾਰ ਤਾਂ ਸਾਡੀ ਬਾਂਹ ਫੜੇਗੀ ਪ੍ਰੰਤੂ ਸਰਕਾਰਾਂ ਵੱਲੋਂ ਸਾਡੀ ਮਿਹਨਤ ਨੂੰ ਫਲ ਦੇਣ ਦੀ ਬਜਾਏ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਸਾਨੂੰ ਘਰੇ ਤੋਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪੱਕੇ ਤੌਰ ਤੇ ਸਾਡੀ ਨਿਯੁਕਤੀ ਕੀਤੀ ਜਾਵੇ। ਇਹਨਾਂ ਦੱਸਿਆ ਕਿ ਸਾਡੀ ਹੜਤਾਲ ਅਗਲੇ ਹੁਕਮਾਂ ਤੱਕ ਅਣਮਿਥੇ ਸਮੇਂ ਲਈ ਜਾਰੀ ਰਹੇਗੀ। ਨਾਇਬ ਤਹਿਸੀਲਦਾਰ ਧਨੌਲਾ ਰਾਜਪਿਰਤਪਾਲ ਸਿੰਘ ਨੇ ਸਮੂਹ ਆਪਰੇਟਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਇਹਨਾਂ ਦਾ ਮੈਮੋਰੰਡਮ ਅੱਜ ਹੀ ਉੱਚ ਅਧਿਕਾਰੀ ਤੱਕ ਪਹੁੰਚਾ ਦਿੱਤਾ ਜਾਵੇਗਾ।
0 comments:
एक टिप्पणी भेजें