ਸੰਗਰੂਰ ਜ਼ਿਲ੍ਹੇ ਵਿੱਚ ਕੌਮੀ ਇਨਸਾਫ ਮਾਰਚ ਨੂੰ ਭਰਵਾਂ ਹੁੰਗਾਰਾ
- ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂਆਂ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ਤੋਂ ਵੱਡੇ ਕਾਫਲੇ ਹੋਏ ਮਾਰਚ ਵਿੱਚ ਸ਼ਾਮਲ
ਕਮਲੇਸ਼ ਗੋਇਲ ਖਨੌਰੀ
ਸੰਗਰੂਰ 02 ਮਾਰਚ : ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿਖੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਵਿੱਚ ਵੱਧ ਤੋਂ ਵੱਧ ਸੰਗਤ ਦੀ ਸ਼ਮੂਲੀਅਤ ਕਰਵਾਉਣ ਲਈ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਪੰਜਾਬ ਵੱਲੋਂ ਭੀਖੀ ਤੋਂ ਮੁਹਾਲੀ ਤੱਕ ਕੀਤੇ ਜਾ ਰਹੇ ਕੌਮੀ ਇਨਸਾਫ ਮੋਰਚੇ ਨੂੰ ਜ਼ਿਲ੍ਹਾ ਸੰਗਰੂਰ ਵਿੱਚ ਭਰਵਾਂ ਹੁੰਗਾਰਾ ਮਿਲਿਆ | ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਪਾਰਟੀ ਆਗੂਆਂ ਦੀ ਅਗਵਾਈ ਹੇਠ ਸੰਗਤ ਵੱਲੋਂ ਜਿੱਥੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਕੌਮੀ ਇਨਸਾਫ ਮੋਰਚੇ ਵਿੱਚ ਸ਼ਾਮਲ ਹੋਣ ਜਾ ਰਹੇ ਮਾਰਚ ਦਾ ਸਵਾਗਤ ਕੀਤਾ ਗਿਆ, ਉੱਥੇ ਪਾਰਟੀ ਜਥੇਦਾਰਾਂ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ਤੋਂ ਸੰਗਤ ਦੇ ਕਾਫਲੇ ਕੌਮੀ ਇਨਸਾਫ ਮਾਰਚ ਵਿੱਚ ਸ਼ਾਮਲ ਵੀ ਹੋਏ | ਸੁਨਾਮ, ਮਹਿਲਾਂ ਚੌਕ, ਫੱਗੂਵਾਲਾ, ਭਵਾਨੀਗੜ੍ਹ ਸਮੇਤ ਰਸਤੇ ਵਿੱਚ ਪੈਂਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਕਾਫਲਿਆਂ ਦੇ ਰੂਪ ਵਿੱਚ ਕੌਮੀ ਇਨਸਾਫ ਮਾਰਚ ਵਿੱਚ ਸ਼ਾਮਲ ਹੋਈ |
ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਫੱਗੂਵਾਲਾ ਵਿਖੇ ਇਨਸਾਫ ਮੋਰਚੇ ਦੇ ਸਵਾਗਤ ਲਈ ਇਕੱਠੀ ਹੋਈ ਸੰਗਤ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤੀ ਗਈ, ਜਿੱਥੇ ਉਨ੍ਹਾਂ ਕੌਮੀ ਮਾਰਚ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਸਿਰੋਪਾਓ ਪਹਿਨਾ ਕੇ ਸਤਿਕਾਰ ਨਾਲ ਨਿਵਾਜਿਆ, ਉੱਥੇ ਮਾਰਚ ਵਿੱਚ ਸ਼ਾਮਲ ਸਮੂਹ ਸੰਗਤ ਦਾ ਹੱਥ ਜੋੜ ਕੇ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਨੇ ਸਿੱਖ ਕੌਮ ਦੇ ਹੱਕਾਂ ਦੀ ਪ੍ਰਾਪਤੀ ਲਈ ਇੱਕਜੁਟਤਾ ਦਾ ਸੁਨੇਹਾ ਵੀ ਦਿੱਤਾ | ਗੁਰਦੁਆਰਾ ਫੱਗੂਵਾਲਾ ਸਾਹਿਬ ਵਿਖੇ ਮਾਰਚ ਵਿੱਚ ਸ਼ਾਮਲ ਸੰਗਤ ਲਈ ਲੰਗਰ-ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ | ਇਸ ਤੋਂ ਇਲਾਵਾ ਸੁਨਾਮ ਅਤੇ ਭਵਾਨੀਗੜ੍ਹ ਵਿਖੇ ਵੀ ਪਾਰਟੀ ਆਗੂਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਸਿੱਖ ਸੰਗਤ ਨੇ ਇਕੱਠੀ ਹੋਕੇ ਕੌਮੀ ਇਨਸਾਫ ਮਾਰਚ ਦਾ ਸਵਾਗਤ ਕੀਤਾ ਅਤੇ ਵੱਡੀ ਗਿਣਤੀ ਸੰਗਤ ਨੇ ਪਿੰਡਾਂ ਵਿੱਚੋਂ ਪਹੁੰਚ ਕੇ ਮਾਰਚ ਵਿੱਚ ਸ਼ਮੂਲੀਅਤ ਕੀਤੀ |
0 comments:
एक टिप्पणी भेजें