ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸਿੱਖ ਕੌਮ ਦਾ ਇੱਕਜੁਟ ਹੋਣਾ ਬਹੁਤ ਜਰੂਰੀ: ਸ. ਸਿਮਰਨਜੀਤ ਸਿੰਘ ਮਾਨ
- ਐਮ.ਪੀ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਕੌਮੀ ਇਨਸਾਫ ਮੋਰਚੇ ਦਾ ਭਰਵਾਂ ਸਵਾਗਤ
ਕਮਲੇਸ਼ ਗੋਇਲ ਖਨੌਰੀ
ਸੰਗਰੂਰ 02 ਮਾਰਚ : ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸਮੁੱਚੀ ਸਿੱਖ ਕੌਮ ਦਾ ਜਾਗਰੂਕ ਤੇ ਇੱਕਜੁੱਟ ਹੋਣਾ ਬਹੁਤ ਜਰੂਰੀ ਹੈ | ਹੁਣ ਤੱਕ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਸਿੱਖ ਕੌਮ ਨਾਲ ਪੱਖਪਾਤ ਹੀ ਕੀਤਾ ਗਿਆ, ਜਿਸਦੀ ਉਦਾਹਰਨ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰਨਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਫੱਗੂਵਾਲਾ ਵਿਖੇ ਕੌਮੀ ਇਨਸਾਫ ਮਾਰਚ ਦੇ ਸਵਾਗਤ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ |
ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਰਤ ਦੇਸ਼ ਦੀ ਹਿੰਦੂ ਮਤ ਵਾਲੀ ਸਰਕਾਰ ਸਿੱਖ ਕੌਮ ਪੱਖੀ ਨਹੀਂ ਹੈ | ਜੇਕਰ ਸਿੱਖ ਕੌਮ ਦੇ ਯੋਧਿਆਂ ਵੱਲੋਂ ਆਪਣੇ ਹੱਕਾਂ ਲਈ ਆਵਾਜ ਬੁਲੰਦ ਕੀਤੀ ਜਾਂਦੀ ਹੈ ਤਾਂ ਸਾਨੂੰ ਅੱਤਵਾਦੀ ਐਲਾਨ ਕੇ ਸਾਡੀ ਨਸਲਕੁਸ਼ੀ ਕਰ ਦਿੱਤੀ ਜਾਂਦੀ ਹੈ | ਭਾਰਤੀ ਹਕੂਮਤ ਵੱਲੋਂ 1984 ਵਿੱਚ ਕੀਤੇ ਗਏ ਅੱਤਿਆਚਾਰ ਨੂੰ ਅਜੇ ਤੱਕ ਕੌਮ ਭੁਲਾ ਨਹੀਂ ਸਕੀ | ਉਨ੍ਹਾਂ ਕਿਹਾ ਕਿ ਭਾਰਤੀ ਹਕੂਮਤ ਆਪਣੇ ਦੋਵੇਂ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਚੀਨ ਨਾਲ ਸੰਬੰਧ ਵਿਗਾੜੀ ਬੈਠੀ ਹੈ | ਜੇਕਰ ਦੋਵੇਂ ਦੇਸ਼ਾਂ ਵਿੱਚੋਂ ਕਿਸੇ ਨਾਲ ਵੀ ਜੰਗ ਹੁੰਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਵੇਗਾ, ਪੰਜਾਬ ਦੇ ਸਿੱਖਾਂ ਦਾ ਹੋਵੇਗਾ | ਜਦੋਂ ਵਿਰੋਧੀ ਦੇਸ਼ਾਂ ਨਾਲ ਲੜਾਈ ਦੀ ਗੱਲ ਆਉਂਦੀ ਹੈ ਤਾਂ ਪੰਜਾਬੀਆਂ ਨੂੰ ਸ਼ੂਰਵੀਰ, ਯੋਧੇ ਆਦੀ ਦੇ ਖਿਤਾਬ ਦੇ ਕੇ ਕੁਰਬਾਨ ਹੋਣ ਲਈ ਅੱਗੇ ਕਰ ਦਿੱਤਾ ਜਾਂਦਾ, ਜਦੋਂਕਿ ਦੇਸ਼ ਵਿੱਚ ਸਿੱਖਾਂ ਨੂੰ ਬਣਦੇ ਹੱਕ ਨਹੀਂ ਦਿੱਤੇ ਜਾਂਦੇ | ਹੋਰ ਤਾਂ ਹੋਰ ਦੇਸ਼ ਦੇ ਸਿੱਖਾਂ ਲਈ ਕਾਨੂੰਨ ਵੀ ਵੱਖਰੇ ਹਨ |
0 comments:
एक टिप्पणी भेजें