ਜਲਦੀ ਹੀ ਜ਼ਿਲ੍ਹਾ ਮਾਲੇਰਕੋਟਲਾ ਦੇ ਲੋਕਾਂ ਦੀਆਂ ਬਿਜਲੀ ਨਾਲ ਸਬੰਧਤ ਸਾਰੀਆਂ ਮੁਸ਼ਕਿਲਾਂ ਦਾ ਹੋ ਜਾਵੇਗਾ ਹੱਲ: ਸਿਮਰਨਜੀਤ ਸਿੰਘ ਮਾਨ
- ਹੁਣ ਨਾ ਲੱਗਣਗੇ ਕੱਟ ਤੇ ਨਾ ਹੀ ਫੂਕਣਗੇ ਘਰਾਂ ਵਿੱਚ ਲੱਗੇ ਘਰੇਲੂ ਬਿਜਲੀ ਉਪਕਰਨ
- ਬਿਜਲੀ ਨੈੱਟਵਰਕ ਦੇ ਸੁਧਾਰ ਲਈ ਖਰਚੀ ਜਾਵੇਗੀ 52 ਕਰੋੜ ਤੋਂ ਵੱਧ ਰਾਸ਼ੀ
ਕਮਲੇਸ਼ ਗੋਇਲ ਖਨੌਰੀ
ਸੰਗਰੂਰ 04 ਮਾਰਚ —ਜ਼ਿਲ੍ਹਾ ਮਾਲੇਰਕੋਟਲਾ ਦੇ ਲੋਕਾਂ ਦੀਆਂ ਬਿਜਲੀ ਨਾਲ ਸਬੰਧਤ ਸਾਰੀਆਂ ਮੁਸ਼ਕਿਲਾਂ ਦਾ ਹੱਲ ਜਲਦੀ ਹੀ ਕਰਵਾ ਦਿੱਤਾ ਜਾਵੇਗਾ | ਜ਼ਿਲ੍ਹਾ ਮਾਲੇਰਕੋਟਲਾ ਅਧੀਨ ਆਉਂਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਬਿਜਲੀ ਨੈੱਟਵਰਕ ਦੇ ਸੁਧਾਰ ਲਈ 52 ਕਰੋੜ ਰੁਪਏ ਤੋਂ ਵੱਧ ਰਾਸ਼ੀ ਖਰਚੀ ਜਾਵੇਗੀ, ਜਿਸ ਨਾਲ ਜਿੱਥੇ ਮਾਲੇਰਕੋਟਲਾ ਦੇ ਲੋਕਾਂ ਨੂੰ ਬਿਜਲੀ ਦੇ ਵੱਡੇ-ਵੱਡੇ ਕੱਟਾਂ ਕਾਰਨ ਹੋਣ ਵਾਲੀ ਪਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ, ਉੱਥੇ ਹੀ ਘਰਾਂ ਦੇ ਬਿਜਲੀ ਉਪਕਰਨ ਫੂਕਣ ਤੋਂ ਵੀ ਬਚਾਅ ਹੋਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਸੰਗਰੂਰ ਸਥਿਤ ਨਿਵਾਸ ਸਥਾਨ 'ਤੇ ਮਾਲੇਰਕੋਟਲਾ ਤੋਂ ਮਿਲਣ ਲਈ ਆਏ ਪਤਵੰਤਿਆਂ ਨੂੰ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਹੋਣ ਵਾਲੇ ਬਿਜਲੀ ਸੁਧਾਰਾਂ ਬਾਰੇ ਜਾਣਕਾਰੀ ਦਿੰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਬਿਜਲੀ ਦੇ ਨਵੀਨੀਕਰਨ ਦਾ ਕੰਮ ਜਲਦੀ ਹੀ ਪੂਰੇ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਮੁਕੰਮਲ ਹੋ ਜਾਵੇਗਾ, ਜਿਸ ਸੰਬੰਧੀ ਸਮੀਖਿਆ ਕਰਨ ਲਈ ਕੱਲ੍ਹ ਉਨ੍ਹਾਂ ਨੇ ਜ਼ਿਲ੍ਹੇ ਦੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਸੀ |
ਸ. ਮਾਨ ਨੇ ਕਿਹਾ ਕਿ ਬਿਜਲੀ ਦੇ ਵਾਰ-ਵਾਰ ਕੱਟ ਲੱਗਣਾ ਅਤੇ ਘਰਾਂ ਵਿੱਚ ਬਿਜਲੀ ਦੇ ਉਪਕਰਨ ਸੜ ਜਾਣਾ ਲੋਕਾਂ ਦੀ ਮੁੱਖ ਸਮੱਸਿਆ ਸੀ | ਬਿਜਲੀ ਸਪਲਾਈ ਸਹੀ ਨਾ ਹੋਣ ਕਰਕੇ ਲੋਕਾਂ ਦੇ ਕਾਰੋਬਾਰ 'ਤੇ ਵੀ ਅਸਰ ਪੈਂਦਾ ਸੀ | ਲੋਕਾਂ ਦੀਆਂ ਇਨ੍ਹਾਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਜਲੀ ਸਪਲਾਈ ਵਿੱਚ ਸੁਧਾਰਾਂ ਨੂੰ ਪਹਿਲ ਦਿੱਤੀ ਗਈ ਹੈ |
ਉਨ੍ਹਾਂ ਦੱਸਿਆ ਕਿ ਜਲਦੀ ਹੀ ਪੂਰੇ ਜ਼ਿਲ੍ਹੇ ਵਿੱਚ ਨਵੀਆਂ 11 ਕੇ.ਵੀ. ਲਾਈਨਾਂ, ਨਵੇਂ ਟਰਾਂਸਫਾਰਮਰ, ਨਵੇਂ ਬਿਜਲੀ ਘਰਾਂ ਦੀ ਉਸਾਰੀ ਅਤੇ ਐਲ.ਟੀ./ਐਚ.ਟੀ. ਲਾਈਨਾਂ ਦੇ ਸੁਧਾਰ ਦੇ ਕੰਮ ਕਰਵਾਏ ਜਾਣਗੇ, ਤਾਂ ਜੋ ਜ਼ਿਲ੍ਹੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇ ਅਤੇ ਵਾਰ-ਵਾਰ ਲੱਗਣ ਵਾਲੇ ਬਿਜਲੀ ਕੱਟਾਂ ਤੋਂ ਰਾਹਤ ਮਿਲ ਸਕੇ | ਉਨ੍ਹਾਂ ਦੱਸਿਆ ਕਿ ਬਿਜਲੀ ਨੈੱਟਵਰਕ ਦੇ ਸੁਧਾਰਾ 'ਤੇ ਲਗਭਗ 52 ਕਰੋੜ 82 ਲੱਖ ਰੁਪਏ ਖਰਚੇ ਜਾਣਗੇ | ਇਸ ਸਕੀਮ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਖਸਤਾ ਹਾਲ ਖੰਭਿਆਂ, ਤਾਰਾਂ ਅਤੇ ਕੇਬਲਾਂ ਦਾ ਸੁਧਾਰ ਕੀਤਾ ਜਾਵੇਗਾ |
ਇਸੇ ਤਰ੍ਹਾਂ ਨਵੇਂ 66 ਕੇ.ਵੀ. ਬਿਜਲੀ ਘਰ ਇੰਡਸਟਰੀਅਲ ਏਰੀਆ ਮਾਲੇਰਕੋਟਲਾ ਦੀ ਉਸਾਰੀ ਅਤੇ 66 ਕੇ.ਵੀ. ਬਿਜਲੀ ਘਰ ਹਥਨ ਤੇ ਕੁਠਾਲਾ ਦੇ ਪਾਵਰ ਟਰਾਂਸਫਾਰਮਰਾਂ ਦੀ ਕੈਪੇਸਟੀ ਵਿੱਚ ਵਾਧਾ ਕਰਨ ਲਈ 12.18 ਕਰੋੜ ਰੁਪਏ ਖਰਚੇ ਜਾਣਗੇ |
ਸ. ਮਾਨ ਨੇ ਕਿਹਾ ਕਿ ਹਲਕੇ ਦਾ ਐਮ.ਪੀ. ਹੋਣ ਦੇ ਨਾਤੇ ਹਲਕੇ ਵਿੱਚ ਰਹਿੰਦੇ ਹਰ ਵਰਗ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣਾ ਮੇਰੀ ਜਿੰਮੇਵਾਰੀ ਹੈ ਅਤੇ ਇਸ ਜਿੰਮੇਵਾਰੀ ਨੂੰ ਨਿਭਾਉਣਾ ਉਹ ਬਾਖੂਬੀ ਜਾਣਦੇ ਹਨ | ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਦਿਖਾਏ ਭਰੋਸੇ ਨੂੰ ਉਹ ਹਮੇਸ਼ਾ ਬਰਕਰਾਰ ਰੱਖਣਗੇ |
0 comments:
एक टिप्पणी भेजें