*ਲੋਕ ਸੰਘਰਸ਼ ਕਮੇਟੀ ਵੱਲੋਂ ਮਨਾਈ ਗਈ ਸ਼ਹੀਦ ਜਰਨੈਲ ਸਿੰਘ ਜੈਲੀ ਦੀ ਬਾਰਵੀਂ ਬਰਸੀ
*
ਕਮਲੇਸ਼ ਗੋਇਲ ਖਨੌਰੀ
ਖਨੌਰੀ 3 ਮਾਰਚ, ਖਨੌਰੀ ਵਿਦਿਆਰਥੀ ਲਹਿਰ ਦੇ ਸ਼ਹੀਦ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਸ਼ਹੀਦ ਜਰਨੈਲ ਸਿੰਘ ਜੈਲੀ ਦੀ 12ਵੀਂ ਬਰਸੀ ਸਥਾਨਕ ਖਨੌਰੀ ਮੰਡੀ ਵਿਖੇ ਲੋਕ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਸਥਾਨਕ ਦਾਣਾ ਮੰਡੀ ਵਿੱਚ ਕਾਨਫਰੰਸ ਅਤੇ ਬਾਜਾਰ ਵਿੱਚ ਰੋਹ ਭਰਭੂਰ ਮਾਰਚ ਕਰਕੇ ਮਨਾਈ ਗਈ। ਇਸ ਕਾਨਫਰੰਸ ਵਿੱਚ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਦੇ ਸੈਂਕੜੇ ਵਿਦਿਆਰਥੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼ਹੀਦ ਜਰਨੈਲ ਸਿੰਘ ਜੈਲੀ ਦੇ ਪਿਤਾ ਸ੍ਰ. ਗੁਲਾਬ ਸਿੰਘ, ਮਾਤਾ ਰਣਜੀਤ ਕੌਰ, ਭਰਜਾਈ ਕਮਲਜੀਤ ਕੌਰ, ਵਿਦਿਆਰਥੀ ਆਗੂਆਂ ਰਣਵੀਰ ਰੰਧਾਵਾ, ਖੁਸ਼ਵਿੰਦਰ ਸਿੰਘ ਰਵੀ, ਮੁਲਾਜ਼ਮ ਆਗੂ ਵਿਕਰਮਦੇਵ ਸਿੰਘ, ਨੌਜਵਾਨ ਆਗੂ ਕੁਲਬੀਰ ਟੋਡਰਪੁਰ, ਮਜਦੂਰ ਆਗੂ ਕਸ਼ਮੀਰ ਸਿੰਘ ਬਿੱਲਾ, ਸ਼੍ਰੀਨਾਥ ਅਤੇ ਕਿਸਾਨ ਆਗੂ ਦਵਿੰਦਰ ਸਿੰਘ ਪੂਨੀਅਾ ਤੇ ਆਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਹੋਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਰਮਿੰਦਰ ਪਟਿਆਲਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਮਨਦੀਪ ਸਿੰਘ ਖਿਉਵਾਲੀ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਦਵਿੰਦਰ ਛਬੀਲਪੁਰ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਆਗੂ ਅਮਨ ਦਿਓਲ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾਈ ਆਗੂ ਅਤਿੰਦਰਪਾਲ ਘੱਗਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇਸ਼ ਅੰਦਰ ਭਾਜਪਾ ਹਕੂਮਤ ਨੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਲਗਾਤਾਰ ਕੁਚਲਣਾ ਸ਼ੁਰੂ ਕੀਤਾ ਹੋਇਆ ਹੈ। ਨਵੀਂ ਸਿੱਖਿਆ ਨੀਤੀ, ਪੰਜਾਬ ਦੇ ਪਾਣੀਆਂ ਦਾ ਫੈਸਲਾ, ਖੇਤੀ ਖੇਤਰ ਆਦਿ ਵਿੱਚ ਸਮੁੱਚੀਆਂ ਸ਼ਕਤੀਆਂ ਦਾ ਕੇਂਦਰੀਕਰਨ ਕਰਦਿਆਂ ਰਾਜਾਂ ਦੇ ਅਧਿਕਾਰਾਂ ਤੇ ਨਿਰੰਤਰ ਹਮਲਾ ਕੀਤਾ ਜਾ ਰਿਹਾ ਹੈ। ਇਸੇ ਤਰਾਂ ਨਿਆਂ ਪ੍ਰਣਾਲੀ ਤੇ ਹਮਲਾ ਕਰਦਿਆਂ ਸੁਪਰੀਮ ਕੋਰਟ ਦੇ ਕਾਰਜਾਂ ਵਿਚ ਵੀ ਬੇਲੋੜਾ ਦਖਲ ਕੇਂਦਰ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। ਕਾਰਪੋਰੇਟ ਅਦਾਰੇ ਅਡਾਨੀ ਗਰੁੱਪ ਅਤੇ ਪ੍ਰਧਾਨ ਮੰਤਰੀ ਦੀ ਅਲੋਚਨਾ ਨੂੰ ਦੇਸ਼ ਦੀ ਅਲੋਚਨਾ ਐਲਾਨਦਿਆਂ ਹਰ ਵਿਰੋਧੀ ਵਿਚਾਰਾਂ ਦੀ ਅਵਾਜ਼ ਨੂੰ ਕੁਚਲਿਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਅਜਿਹੇ ਮੌਕੇ ਜਮਹੂਰੀ ਹੱਕਾਂ ਦੀ ਰਾਖੀ ਲਈ ਸਾਂਝੇ ਸੰਘਰਸ਼ਾਂ ਦੀ ਲੋੜ ਹੈ। ਇਨਕਲਾਬੀ ਲਹਿਰ ਦੇ ਹੋਰ ਸ਼ਹੀਦਾਂ ਦੀ ਤਰਾਂ ਹੀ ਵਿਦਿਆਰਥੀ ਲਹਿਰ ਦੇ ਸ਼ਹੀਦ ਸਾਥੀ ਜਰਨੈਲ ਸਿੰਘ ਜੈਲੀ ਅਜਿਹੇ ਸੰਘਰਸ਼ਾਂ ਲਈ ਪ੍ਰੇਰਨਾ ਸਰੋਤ ਹਨ। ਇਸ ਮੌਕੇ ਰਸੂਲਪੁਰ ਦੇ ਕਵੀਸ਼ਰੀ ਜੱਥੇ ਵੱਲੋਂ ਆਪਣੀਆਂ ਇਨਕਲਾਬੀ ਕਵੀਸ਼ਰੀਆਂ ਦੀ ਪੇਸ਼ਕਾਰੀ ਵੀ ਕੀਤੀ ਗਈ ਜਿਸਨੂੰ ਕਾਨਫਰੰਸ ਵਿੱਚ ਸ਼ਾਮਿਲ ਸਮੂਹ ਲੋਕਾਂ ਨੇ ਬਹੁਤ ਉਤਸ਼ਾਹ ਨਾਲ ਸੁਣਿਆ ਗਿਆ। ਮੰਚ ਸੰਚਾਲਨ ਧਰਮਵੀਰ ਹਰੀਗੜ ਅਤੇ ਧੰਨਵਾਦ ਲਖਵਿੰਦਰ ਸਿੰਘ ਬੋੜਾਂ ਵੱਲੋਂ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦੀਪ ਟੋਡਰਪੁਰ, ਗੁਰਚਰਨ ਸਿੰਘ ਡਕੌੰਦਾ, ਗੁਰਜੀਤ ਘੱਗਾ ਖੁਸ਼ਵੰਤ ਸਿੰਘ ਹਨੀ, ਹਰਿੰਦਰ ਸਿੰਘ ਸੈਣੀਮਾਜਰਾ, ਗੁਰਵਿੰਦਰ ਸਿੰਘ ਬੋੜਾਂ ਅਤੇ ਸ਼ਹੀਦ ਜਰਨੈਲ ਸਿੰਘ ਜੈਲੀ ਦੇ ਭਰਾ ਬਰਿੰਦਰ ਸਿੰਘ ਬਿੰਦੂ ਵੀ ਹਾਜ਼ਰ ਸਨ।
0 comments:
एक टिप्पणी भेजें