*ਬਰਨਾਲਾ ਦੇ ਪੱਤਰਕਾਰਾਂ ਨੇ ਡਿਪਟੀ ਕਮਿਸ਼ਨਰ ਰਾਹੀਂ ਪ੍ਰੈਸ ਕੌਂਸਲ ਆਫ਼ ਇੰਡੀਆ ਨੂੰ ਮੰਗ ਪੱਤਰ ਦਿੱਤਾ*
*ਪੱਤਰਕਾਰਾਂ ਖ਼ਿਲਾਫ਼ ਕੀਤੀ ਪੁਲਿਸ ਕਾਰਵਾਈ ਰੱਦ ਕਰੇ ਪੰਜਾਬ ਸਰਕਾਰ : ਜਗਸੀਰ ਸਿੰਘ ਸੰਧੂ*
ਬਰਨਾਲਾ , 2 ਜਨਵਰੀ ( ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗ਼ੈਰ ਹਾਜ਼ਰੀ ਵਿੱਚ ਪੰਜਾਬ ਦੇ ਸਰਕਾਰੀ ਜਹਾਜ਼ ਦੀ ਉਡਾਨ ਸਬੰਧੀ ਸਵਾਲ ਕਰਨ ਵਾਲੇ ਪੰਜਾਬ ਦੇ ਕੁਝ ਸੀਨੀਅਰ ਪੱਤਰਕਾਰਾਂ 'ਤੇ ਪੰਜਾਬ ਪੁਲਿਸ ਵੱਲੋਂ ਪਰਚਾ ਦਰਜ ਕਰਨ ਤੋਂ ਬਾਅਦ ਸੂਬੇ ਭਰ ਦੇ ਪੱਤਰਕਾਰਾਂ 'ਚ ਰੋਸ ਦੀ ਲਹਿਰ ਹੈ। ਪੰਜਾਬ ਪੁਲਿਸ ਦੀ ਇਸ ਧੱਕੇਸ਼ਾਹੀ ਦਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਨੇ ਵੀ ਸਖ਼ਤ ਨੋਟਿਸ ਲਿਆ ਜਿਸ ਤੋਂ ਬਾਅਦ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡ ਕੁਆਰਟਰਾਂ 'ਤੇ ਡਿਪਟੀ ਕਮਿਸ਼ਨਰਾਂ ਰਾਹੀਂ ਚੇਅਰਮੈਨ ਪ੍ਰੈਸ ਕੌਂਸਲ ਆਫ਼ ਇੰਡੀਆ ਅਤੇ ਸਕੱਤਰ ਪ੍ਰੈਂਸ ਕੌਂਸਲ ਆਫ਼ ਇੰਡੀਆ ਨੂੰ ਪੱਤਰਕਾਰਾਂ 'ਤੇ ਕੀਤੀ ਕਾਰਵਾਈ ਰੱਦ ਕਰਨ ਲਈ ਮੰਗ ਪੱਤਰ ਦਿੱਤੇ ਗਏ, ਇਸੇ ਲੜੀ ਤਹਿਤ ਬਰਨਾਲਾ ਇਕਾਈ ਵੱਲੋਂ ਵੀ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਰਾਹੀਂ ਚੇਅਰਮੈਨ ਪ੍ਰੈਸ ਕੌਂਸਲ ਆਫ਼ ਇੰਡੀਆ ਤੇ ਸਕੱਤਰ ਪ੍ਰੈਸ ਕੌਂਸਲ ਆਫ਼ ਇੰਡੀਆ ਨੂੰ ਮੰਗ ਪੱਤਰ ਭੇਜੇ ਗਏ। ਇਸ ਮੌਕੇ ਗੱਲਬਾਤ ਕਰਦੇ ਹੋਏ ਜਥੇਬੰਦੀ ਦੇ ਜ਼ਿਲ੍ਹਾ ਚੇਅਰਮੈਨ ਰਵਿੰਦਰ ਰਵੀ, ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੰਧੂ ਅਤੇ ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਪੰਡੋਰੀ ਨੇ ਕਿਹਾ ਕਿ ਸਰਕਾਰ ਨੂੰ ਸਵਾਲ ਕਰਨ ਵਾਲਿਆਂ 'ਤੇ ਪੁਲਿਸ ਕਾਰਵਾਈ ਅਤੀ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ, ਪੰਜਾਬ ਪੁਲਿਸ ਦਾ ਡਰ ਦਿਖਾ ਕੇ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਗਲਤ ਕੰਮਾਂ ਦੇ ਖ਼ਿਲਾਫ਼ ਲਿਖਣ ਦੇ ਬੋਲਣ ਵਾਲਿਆਂ ਦੀ ਜ਼ੁਬਾਨਬੰਦੀ ਕਰਨਾ ਚਾਹੁੰਦੀ ਹੈ, ਜੋ ਸਮੇਂ ਦੀ ਹਕੂਮਤ ਦਾ ਭਰਮ ਭੁਲੇਖਾ ਹੈ ਕਿਉਂਕਿ ਇਤਿਹਾਸ ਗਵਾਹ ਹੈ ਕਿ ਮੀਡੀਆ ਵਿਰੋਧੀ ਸਰਕਾਰਾਂ ਤੇ ਸਿਆਸੀ ਪਾਰਟੀਆਂ ਨੂੰ ਨਤੀਜੇ ਭੁਗਤਣੇ ਪਏ ਹਨ। ਉਹਨਾਂ ਕਿਹਾ ਕਿ ਪੱਤਰਕਾਰਾਂ ਦੇ ਖ਼ਿਲਾਫ਼ ਕੀਤੀ ਪੁਲਿਸ ਕਾਰਵਾਈ ਰੱਦ ਕਰਵਾਉਣ ਲਈ ਸੰਘਰਸ਼ ਦੀ ਜੋ ਰੂਪ ਰੇਖਾ ਉਲੀਕੀ ਜਾਵੇਗੀ ਉਸ ਵਿੱਚ ਬਰਨਾਲਾ ਦੇ ਪੱਤਰਕਾਰ ਸਰਗਰਮੀ ਨਾਲ ਸ਼ਮੂਲੀਅਤ ਕਰਨਗੇ। ਉਕਤ ਆਗੂਆਂ ਨੇ ਜਨਤਕ ਜਥੇਬੰਦੀਆਂ ਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸੰਵਿਧਾਨ ਅਨੁਸਾਰ ਮਿਲੀ ਲਿਖਣ ਅਤੇ ਬੋਲਣ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਪੱਤਰਕਾਰਾਂ ਦੇ ਸੰਘਰਸ਼ ਦਾ ਹਿੱਸਾ ਬਣਿਆ ਜਾਵੇ। ਇਸ ਮੌਕੇ ਪੱਤਰਕਾਰ ਬਲਜਿੰਦਰ ਸਿੰਘ ਚੌਹਾਨ, ਅਵਤਾਰ ਸਿੰਘ ਫਰਵਾਹੀ, ਰਜਿੰਦਰ ਕੁਮਾਰ ਸ਼ਰਮਾ, ਅਖਿਲੇਸ਼ ਬਾਂਸਲ, ਹਰਵਿੰਦਰ ਸਿੰਘ ਕਾਲਾ, ਸੁਰਿੰਦਰ ਗੋਇਲ, ਕਰਨਪ੍ਰੀਤ ਕਰਨ, ਤੁਸ਼ਾਰ ਸ਼ਰਮਾ, ਅਜੇ ਟੱਲੇਵਾਲ, ਹਰਪਾਲ ਸਿੰਘ ਪਾਲੀ, ਗੁਰਸੇਵਕ ਸਹੋਤਾ, ਗੋਬਿੰਦਰ ਸਿੰਘ ਸਿੱਧੂ, ਸੰਦੀਪਪਾਲ ਸਿੰਘ, ਐਡਵੋਕੇਟ ਗੁਲਸ਼ਨ ਕੁਮਾਰ ਆਦਿ ਵੀ ਹਾਜ਼ਰ ਸਨ।

0 comments:
एक टिप्पणी भेजें