ਸਿੱਖਿਆ ਅਤੇ ਕਨੂੰਨ ਖੇਤਰ ਦੇ ਭੀਸ਼ਮ ਪਿਤਾਮਾ ਸ੍ਰੀ ਸ਼ਿਵਦਰਸ਼ਨ ਸ਼ਰਮਾ ਸਾਡੇ ਵਿਚਕਾਰ ਨਹੀਂ ਰਹੇ।
ਬਰਨਾਲਾ 21 ਦਸੰਬਰ
ਡਾ ਰਾਕੇਸ਼ ਪੁੰਜ
ਮਿੱਟੀ ਨੇ ਤਾਂ ਮਿੱਟੀ ਹੋਣਾ, ਚਾਰ ਦਿਨਾਂ ਦਾ ਮੇਲਾ ਹੈ, ਲੋਕਾਂ ਕਹਿਣਾ ਛੇਤੀ ਫੂਕੋ, ਹੁੰਦਾ ਪਿਆ ਕੁਵੇਲਾ ਹੈ।
ਇਹ ਦਮਦਾਰ ਆਵਾਜ਼ ਅੱਜ ਲੰਬੇ ਅਰਸੇ ਬਾਅਦ ਅੱਜ ਮੇਰੇ ਕੰਨਾਂ ਵਿੱਚ ਗੂੰਜਣ ਲੱਗੀ,ਪਹਿਲੀ ਵਾਰ ਇਹ ਸਤਰਾਂ ਮੈਂ ਬਾਊ ਜੀ ਸ੍ਰੀ ਸ਼ਿਵਦਰਸ਼ਨ ਸ਼ਰਮਾ ਜੀ ਦੇ ਮੂੰਹ ਵਿੱਚੋ ਉਦੋਂ ਸੁਣਿਆ ਸਨ ਜਦੋਂ ਮੈਂ ਸਿਰਫ 13 ਸਾਲ ਦਾ ਸੀ ,ਬਾਊ ਜੀ ਮੇਰੇ ਸਕੂਲ ਵਿੱਚ ਸਾਲਾਨਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਆਏ ਸਨ ...….....ਤੇ ਅੱਜ ਓਹਨਾ ਦੇ ਅੰਤਿਮ ਸੰਸਕਾਰ ਸਮੇਂ ਓਹਨਾ ਦੇ ਬੋਲ ਮੇਰੇ ਕੰਨਾਂ ਵਿੱਚ ਗੂੰਜਣ ਲੱਗ ਪਏ। ਇਕ ਮਹਾਨ ਸ਼ਖਸ਼ੀਅਤ ਦੇ ਜਾਣ ਦਾ ਵਿਛੋੜਾ ਝਲਣਾ ਬੜਾ ਔਖਾ ਹੋ ਜਾਂਦਾ ਹੈ। ਆਪ ਜੀ ਨੂੰ ਬੜੇ ਜੀ ਦੁੱਖ ਨਾਲ ਦਸ ਰਹੇ ਹਾਂ ਕਿ ਐਸਡੀ ਸਭਾ ਬਰਨਾਲਾ ਦੇ ਚੇਅਰਮੈਨ ਅਤੇ ਸਮਾਜਿਕ, ਧਾਰਮਿਕ, ਵਿਦਿਅਕ ਖੇਤਰ ਦਾ ਇੱਕ ਵੱਡਾ ਨਾਮ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ ਇਸ ਦੁਨੀਆਂ ਵਿੱਚ ਨਹੀਂ ਰਹੇ। ਆਪਣੀ ਉਮਰ ਦੇ 86ਵੇਂ ਵਰ੍ਹੇ 'ਚ ਬੀਤੇ ਕੱਲ੍ਹ ਉਹਨਾਂ ਨੇ ਆਖਰੀ ਸਾਹ ਲਏ। ਸ੍ਰੀ ਸ਼ਰਮਾ ਕੁਝ ਦਿਨਾਂ ਤੋਂ ਮੁਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜੇਰੇ ਇਲਾਜ ਸਨ, ਜਿੱਥੋਂ ਵਾਪਸ ਆ ਕੇ ਉਹ ਆਪਣੇ ਜ਼ਿੰਦਾ ਕਦਮ ਬਰਨਾਲਾ ਦੀ ਧਰਤੀ 'ਤੇ ਨਾ ਰੱਖ ਸਕੇ। ਉਹਨਾਂ ਦੀ ਸੰਤਾਨੀ ਵਿਰਾਸਤ ਦੇ ਵਿੱਚ ਦੋ ਬੇਟੇ ਅਤੇ ਚਾਰ ਬੇਟੀਆਂ ਉਹਨਾਂ ਦੀ ਵਡਮੁੱਲੀ ਵਿਰਾਸਤ ਦੀ ਸੁਗੰਧ ਸਮਾਜ ਵਿੱਚ ਜ਼ਿੰਮੇਵਾਰੀ ਨਾਲ ਬਖੇਰ ਰਹੇ ਹਨ। ਬਰਨਾਲਾ 'ਚ ਹਰ ਖੇਤਰ ਦੀ ਅਜਿਹੀ ਕੋਈ ਜਥੇਬੰਦੀ ਨਹੀਂ ਜਿਸ ਨਾਲ ਐਡਵੋਕੇਟ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਦਾ ਨਾਮ ਨਾ ਜੁੜਦਾ ਹੋਵੇ। ਉਹ ਰੰਗੀਨ ਤਬੀਅਤ, ਸ਼ੇਅਰੋ ਸ਼ਾਇਰੀ ਦਾ ਖਜ਼ਾਨਾ ਅਤੇ ਤੀਖਣ ਬੁੱਧੀ ਦੇ ਮਾਲਕ ਸਨ। ਕਿਸੇ ਵੀ ਮੰਚ 'ਤੇ ਬੋਲਣ ਲਈ ਜਦ ਉਹ ਮਾਈਕ 'ਤੇ ਆਉਂਦੇ ਤਾਂ ਉਹਨਾਂ ਦੇ ਸੰਬੋਧਨ ਦੇ ਪਹਿਲੇ ਸ਼ਬਦ ਤੋਂ ਹੀ ਉਹਨਾਂ ਦਾ ਭਾਸ਼ਣ ਦਿਲਚਸਪੀ ਦੇ ਸਿਖ਼ਰ 'ਤੇ ਹੁੰਦਾ ਜੋ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੰਦਾ ਸੀ। ਕਿਸੇ ਆਮ ਇਨਸਾਨ ਦੀ ਗੱਲ ਤਾਂ ਦੂਰ ਸਗੋਂ ਉਹ ਇੱਕ ਵੱਡੇ ਵਿਦਵਾਨ ਨੂੰ ਵੀ ਸਿਰ ਤੋਂ ਪੈਰਾਂ ਤੱਕ ਪਹਿਲੀ ਤੱਕਣੀ ਵਿੱਚ ਹੀ ਛਾਣ ਦਿੰਦੇ ਸਨ। ਸ੍ਰੀ ਸ਼ਰਮਾ ਨੇ ਜੋ ਵੀ ਸੁਪਨਾ ਵੇਖਿਆ ਉਹ ਪੂਰਾ ਕੀਤਾ ਪ੍ਰੰਤੂ ਉਹਨਾਂ ਦੀ ਜ਼ਿੰਦਗੀ ਦੇ ਨਾਲ ਇੱਕ ਦਿਲਚਸਪ ਕਹਾਣੀ ਅਖੀਰਲੇ ਦੌਰ ਵਿੱਚ ਜੁੜ ਗਈ ਕਿ ਉਹਨਾਂ ਨੇ ਆਪਣੇ ਦੋਹਤੇ ਨੂੰ ਜੱਜ ਬਣਾਉਣ ਦਾ ਸੁਪਨਾ ਵੇਖਿਆ ਸੀ, ਸ੍ਰੀ ਸ਼ਰਮਾ ਦਾ ਇਹ ਸੁਪਨਾ ਪੂਰਾ ਤਾਂ ਹੋਇਆ ਪ੍ਰੰਤੂ ਇਸ ਦੀ ਜਾਣਕਾਰੀ ਸ੍ਰੀ ਸ਼ਰਮਾ ਨੂੰ ਨਾ ਦਿੱਤੀ ਜਾ ਸਕੀ ਕਿ ਉਹਨਾਂ ਦਾ ਦੋਹਤਾ ਜੱਜ ਬਣ ਗਿਆ ਕਿਉਂਕਿ ਦੋਹਤੇ ਦੇ ਜੱਜ ਬਣਨ ਦੀ ਸੁਖਦ ਖ਼ਬਰ ਓਹਨਾ ਦੇ ਅਖੀਰਲੇ ਦਿਨ ਤੋਂ ਇਕ ਦਿਨ ਪਹਿਲਾਂ ਦੀ ਹੀ ਸੀ ਅਤੇ ਪਰਿਵਾਰ ਵਾਲਿਆਂ ਨੇ ਅਜੇ ਇਸ ਦੀ ਜਾਣਕਾਰੀ ਉਹਨਾਂ ਨੂੰ ਨਹੀਂ ਦਿੱਤੀ ਸੀ...ਇਸ ਤੋਂ ਪਹਿਲਾਂ ਕਿ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਜੀ ਦੇ ਇੱਕ ਵੱਡੇ ਸੁਪਨੇ ਦੀ ਪੂਰਤੀ ਸਬੰਧੀ ਉਹਨਾਂ ਨੂੰ ਸੂਚਨਾ ਦਿੱਤੀ ਜਾਂਦੀ ਤਾਂ ਉਹਨਾਂ ਦੀ ਜ਼ਿੰਦਗੀ ਨਾਲ ਜੁੜੀ ਦੁੱਖਦ ਖ਼ਬਰ ਪਰਿਵਾਰਕ ਮੈਂਬਰਾਂ ਨੂੰ ਮਿਲੀ। ਜਿਸਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ।
ਅੱਜ ਸਿੱਖਿਆ ਅਤੇ ਕਾਨੂੰਨ ਦੇ ਚਾਣਕਿਆ ਸ੍ਰੀ ਸ਼ਿਵਦਰਸ਼ਨ ਸ਼ਰਮਾ ਜੀ ਦੇ ਅੰਤਿਮ ਸੰਸਕਾਰ ਮੌਕੇ ਰਾਮ ਬਾਗ਼ ਬਰਨਾਲਾ ਵਿਚ ਸੈਕੜੇ ਨਮ ਅੱਖਾਂ ਨੇ ਆਪਣੇ ਪਿਆਰੇ ਬਾਊ ਜੀ ਨੂੰ ਸ਼ਰਧਾਂਜਲੀ ਦਿੱਤੀ ।
ਭਾਵੇਂ ਕਿ ਸਿੱਖਿਆ ਅਤੇ ਕਨੂੰਨ ਦੇ ਭੀਸ਼ਮ ਪਿਤਾਮਾ ਸ੍ਰੀ ਸ਼ਿਵਦਰਸ਼ਨ ਸ਼ਰਮਾ ਸਾਡੇ ਵਿਚਕਾਰ ਨਹੀਂ ਰਹੇ , ਪਰ ਓਹਨਾ ਦੀ ਯਾਦ ਸਾਡੇ ਦਿਲਾਂ ਵਿਚ ਹਮੇਸ਼ਾ ਜ਼ਿੰਦਾ ਰਹੇਗੀ ।

0 comments:
एक टिप्पणी भेजें