Contact for Advertising

Contact for Advertising

Latest News

मंगलवार, 30 दिसंबर 2025

ਪੂਰੀ ਰੜਕ ਤੇ ਮੜਕ ਨਾਲ ਜਿੰਦਗੀ ਜਿਉਣ ਵਾਲੇ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਨੇ ਬਰਨਾਲਾ ਨੂੰ ਦਿੱਤੀਆਂ ਵੱਡੀਆਂ ਦੇਣਾਂ*

*ਭੋਗ ’ਤੇ ਵਿਸ਼ੇਸ਼*


  *ਨਾਰੀਅਲ ਵਰਗਾ ਮਨੁੱਖ ਸੀ, ਐੱਸ.ਡੀ ਸਭਾ ਬਰਨਾਲਾ ਦਾ ਚੇਅਰਮੈਨ ‘ਬਾਊ ਜੀ’ ਸ਼ਿਵਦਰਸ਼ਨ ਕੁਮਾਰ ਸ਼ਰਮਾ*


*ਪੂਰੀ ਰੜਕ ਤੇ ਮੜਕ ਨਾਲ ਜਿੰਦਗੀ ਜਿਉਣ ਵਾਲੇ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਨੇ ਬਰਨਾਲਾ ਨੂੰ ਦਿੱਤੀਆਂ ਵੱਡੀਆਂ ਦੇਣਾਂ*



*ਬਰਨਾਲਾ :* ਇਸ ਨਾਸ਼ਵਾਨ ਸੰਸਾਰ ਤੋਂ ਹਰ ਇਨਸਾਨ ਨੇ ਇੱਕ ਦਿਨ ਚਲੇ ਜਾਣਾ ਹੁੰਦਾ ਹੈ, ਪਰ ਕੁੱਝ ਵਿਰਲੇ ਇਨਸਾਨ ਹੁੰਦੇ ਹਨ, ਜੋ ਦੁਨੀਆਂ ਨੂੰ ਇਹ ਦੱਸ ਜਾਂਦੇ ਹਨ ਕਿ ਜਿੰਦਗੀ ਕਿਸ ਤਰ੍ਹਾਂ ਸ਼ਾਨ ਨਾਲ ਬਤੀਤ ਕੀਤੀ ਜਾਂਦੀ ਹੈ। ਪੂਰੀ ਸ਼ਾਨ ਸੋਕਤ ਨਾਲ ਜਿੰਦਗੀ ਬਤੀਤ ਕਰਕੇ ਪੂਰੀ ਸ਼ਾਨ ਨਾਲ ਇਸ ਦੁਨੀਆਂ ਤੋਂ ਜਾਣ ਵਾਲੇ ਐੱਸ ਡੀ ਸਭਾ ਬਰਨਾਲਾ ਦੇ ਚੇਅਰਮੈਨ ‘ਬਾਊ ਜੀ’ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਜੀ ਨਾਰੀਅਲ ਦੇ ਦਰਖਤ ਵਰਗੇ ਮੁੱਨਖ ਸੀ, ਜਿਹਨਾਂ ਦੀ ਨਾ ਕਿਸੇ ਤੋਂ ਉਚਾਈ ਨਾਪੀ ਗਈ ਅਤੇ ਨਾ ਹੀ ਕੋਈ ਉਹਨਾਂ ਦੀ ਬਰਾਬਰਤਾ ਕਰ ਸਕਿਆ। ਨਾਰੀਅਲ ਦਾ ਦਰਖਤ ਬਹੁਤ ਉੱਚਾ ਹੁੰਦਾ ਅਤੇ ਪਵਿੱਤਰ ਮੰਨਿਆ ਜਾਂਦਾ ਹੈ, ਜਿਵੇਂ ਨਾਰੀਅਲ ਦਾ ਫ਼ਲ ਦੇਖਣ ਨੂੰ ਭਾਵੇਂ ਕੁਰਖਤ ਜਿਹਾ ਲਗਦਾ ਹੈ, ਪਰ ਅੰਦਰੋਂ ਮਿੱਠਾ ਹੋਰ ਮਿੱਠਾ ਨਿਕਲਦਾ ਹੈ, ਉਸੇ ਤਰ੍ਹਾਂ ‘ਬਾਊ ਜੀ’ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਦੇ ਵਿਅਕਤੀਤੱਵ ਦਾ ਕੱਦ ਬਹੁਤ ਹੀ ਉੱਚਾ ਸੀ ਅਤੇ ਉਹਨਾਂ ਦਾ ਵਿਅਕਤੀਤਵ ਧੁਰ ਅੰਦਰੋਂ ਮਿਠਾਸ ਨਾਲ ਲਵਰੇਜ਼ ਸੀ। ਜਿਥੇ ਵਕਾਲਤ ਦੇ ਖੇਤਰ ਵਿੱਚ ਕਹਿੰਦੇ ਕਹਾਉਂਦੇ ਵਕੀਲ ਉਹਨਾਂ ਅਗੇ ਬੇਦਲੀਲ ਹੋ ਜਾਂਦੇ ਸੀ, ਉਥੇ ਨਾਮੀ ਜੱਜ ਸਾਹਿਬਾਨ ਵੀ ਉਹਨਾਂ ਦੀਆਂ ਬਹਿਸਾਂ ਅਤੇ ਦਲੀਲਾਂ ਤੋਂ ਪ੍ਰਭਾਵਿਤ ਹੁੰਦਿਆਂ ਵੱਡੇ-ਵੱਡੇ ਕੇਸਾਂ ਦੇ ਆਪਣੇ ਫੈਸਲੇ ਪਲਟਣ ਲਈ ਮਜਬੂਰ ਹੋ ਜਾਂਦੇ ਹਨ। ਰਾਜਸੀ ਖੇਤਰ ਸ੍ਰੀ ਸ਼ਿਵਦਰਸ਼ਨ ਸ਼ਰਮਾ ਹੀ ਭਾਵੇਂ ਸਾਰੀ ਉਮਰ ਕੱਟੜ ਕਾਂਗਰਸੀ ਰਹੇ, ਪਰ ਦੂਜੀਆਂ ਸਿਆਸੀ ਪਾਰਟੀਆਂ ਦੇ ਕਹਿੰਦੇ-ਕਹਾਉਂਦੇ ਆਗੂ ਵੀ ਉਹਨਾਂ ਦੀ ਸਮੇਂ-ਸਮੇਂ ਹਾਜਰੀ ਭਰਦੇ ਰਹੇ ਹਨ। ਆਪਣੇ ਗੁਰੂ ਦਰਬਾਰੀ ਲਾਲ ਟੰਡਨ ਜਰੀਏ ਸਮਾਜਿਕ ਕੰਮਾਂ ਵਿੱਚ ਸਰਗਰਮ ਹੋਏ ਸ੍ਰੀ ਸ਼ਿਵਦਰਸ਼ਨ ਸ਼ਰਮਾ ਨੇ ਸਨਾਤਨ ਧਰਮ ਸਭਾ (ਐੱਸ.ਡੀ ਸਭਾ) ਰਜਿ: ਬਰਨਾਲਾ ਦੀ ਵਾਗਡੋਰ ਸਾਂਭੀ ਅਤੇ ਵਿਦਿਅਕ ਖੇਤਰ ਵਿੱਚ ਸੱਤ ਸਕੂਲ ਅਤੇ 9 ਏਕੜ ਜਮੀਨ ਖਰੀਦ ਕੇ ਐੱਸ.ਐਸ.ਡੀ ਕਾਲਜ ਸਥਾਪਿਤ ਕਰਕੇ ਬਰਨਾਲਾ ਇਲਾਕੇ ਲਈ ਵੱਡਾ ਯੋਗਦਾਨ ਪਾਇਆ ਹੈ। 

ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਜੀ ਦਾ ਪਰਵਾਰ ਮਾਝੇ ਦੀ ਧਰਤੀ ਤੋਂ ਆ ਕੇ ਬਰਨਾਲਾ ਸ਼ਹਿਰ ਵਿੱਚ ਵਸਿਆ ਹੈ। ਸਿਵਦਰਸ਼ਨ ਸ਼ਰਮਾ ਦਾ ਜਨਮ ਬਰਨਾਲਾ-ਮਾਨਸਾ ਸੜਕ ’ਤੇ ਪੈਂਦੇ ਪਿੰਡ ਰੱਲਾ (ਅੱਜ ਕੱਲ ਜ਼ਿਲ੍ਹਾ ਮਾਨਸਾ) ਵਿਖੇ 26 ਅਗਸਤ 1941 ਨੂੰ ਪਿਤਾ ਰਾਮ ਸ਼ਰਨ ਦਾਸ ਜੀ ਦੇ ਘਰ ਮਾਤਾ ਰਾਮ ਪਿਆਰੀ ਜੀ ਕੁੱਖੋਂ ਹੋਇਆ। ਸਿਵਦਰਸ਼ਨ ਸ਼ਰਮਾ ਦੇ ਪਿਤਾ ਰਾਮਸ਼ਰਨ ਦਾਸ ਉਸ ਸਮੇਂ ਪਿੰਡ ਰੱਲਾ ਵਿਖੇ ਬਤੌਰ ਪਟਵਾਰੀ ਤਾਇਨਾਤ ਸਨ, ਜੋ ਬਾਅਦ ਵਿੱਚ ਨਾਇਬ ਤਹਿਸੀਲਦਾਰ ਦੇ ਆਹੁਦੇ ਤੋਂ ਸੇਵਾ ਮੁਕਤ ਹੋਏ। ਸ਼ਿਵਦਰਸਨ ਕੁਮਾਰ ਨੂੰ ਮੁੱਢਲੀ ਪੜਾਈ ਲਈ ਗੁਰੂ ਕੀ ਕਾਂਸੀ ਤਲਵੰਡੀ ਸਾਬੋ, ਦਮਦਮਾ ਸਾਹਿਬ ਵਿਖੇ ਸਕੂਲ ਭੇਜਿਆ ਗਿਆ, ਪਰ 1947 ਵਿੱਚ ਦੇਸ਼ ਦੀ ਵੰਡ ਹੋਣ ਕਰਕੇ ਜਦੋਂ ਹਾਲਾਤ ਜਿਆਦਾ ਖਰਾਬ ਹੋ ਗਏ ਤਾਂ ਉਹਨਾਂ ਦਾ ਪਰਵਾਰ ਬਰਨਾਲਾ ਆ ਗਿਆ, ਇਥੇ ਹੀ ਉਹਨਾਂ ਨੇ ਆਪਣੀ ਸਕੂਲੀ ਪੜਾਈ ਪੂਰੀ ਕੀਤੀ ਅਤੇ ਫਿਰ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਉਚ ਵਿਦਿਆ ਹਾਸਲ ਕੀਤੀ। ਪੜਾਈ ਪੂਰੀ ਕਰਨ ਉਪਰੰਤ ਸ਼ਿਵਦਰਸ਼ਨ ਸ਼ਰਮਾ ਜੀ ਫਾਇਰ ਬਿਗ੍ਰੇਡ ਮਹਿਕਮੇ ਵਿੱਚ ਬਤੌਰ ਫਾਇਰ ਅਫਸਰ ਭਰਤੀ ਹੋ ਗਏ, ਪਰ ਆਪਣੀ ਆਜ਼ਾਦ ਤਬੀਅਤ ਚਲਦਿਆਂ ਉਹ ਬਹੁਤੀ ਦੇਰ ਸਰਕਾਰੀ ਨੌਕਰੀ ਨਾ ਕਰ ਸਕੇ ਅਤੇ ਉਥੋਂ ਅਸਤੀਫਾ ਦੇ ਦਿੱਤਾ, ਫਿਰ ਐਲ.ਐਲ.ਬੀ ਕਰਨ ਉਪਰੰਤ ਉਸ ਸਮੇਂ ਦੇ ਚੋਟੀ ਦੇ ਵਕੀਲ ਦਰਬਾਰੀ ਲਾਲ ਟੰਡਨ ਦੇ ਸੁਗਿਰਦ ਦੇ ਤੌਰ ’ਤੇ ਬਰਨਾਲਾ ਕਚਹਿਰੀਆਂ ਵਿੱਚ ਵਕਾਲਤ ਸੁਰੂ ਕਰ ਦਿੱਤੀ ਅਤੇ ਕੁੱਝ ਹੀ ਸਮੇਂ ਵਿੱਚ ਐਡਵੋਕੇਟ ਸਿਵਦਰਸ਼ਨ ਕੁਮਾਰ ਸ਼ਰਮਾ ਦਾ ਨਾਮ ਬਰਨਾਲਾ ਦੇ ਗਿਣੇ ਚੁਣੇ ਵਕੀਲਾਂ ਵਿੱਚ ਸਾਮਲ ਹੋ ਗਿਆ। 

ਐਡਵੋਕੇਟ ਸ਼ਿਵਦਰਸ਼ਨ ਸਰਮਾ ਨੇ ਆਪਣੇ ਗੁਰੂ ਦਰਬਾਰੀ ਲਾਲ ਟੰਡਨ ਦੀ ਪ੍ਰੇਰਨਾ ਨਾਲ ਐੱਸ.ਡੀ ਸਭਾ ਬਰਨਾਲਾ ਵਿੱਚ ਸਰਗਰਮੀ ਸ਼ੁਰੂ ਕੀਤੀ ਅਤੇ ਥੋੜੇ ਸਮੇਂ ਬਾਅਦ ਹੀ ਉਹ ਐੱਸ.ਡੀ ਸਭਾ ਬਰਨਾਲਾ ਦੇ ਕਰਤਾ ਧਰਤਾ ਬਣ ਗਏ। ਸਿਵਦਰਸ਼ਨ ਕੁਮਾਰ ਦੀ ਅਗਵਾਈ ਵਿੱਚ ਜਿਥੇ ਐੱਸ.ਡੀ ਪ੍ਰਾਇਮਰੀ ਸਕੂਲ ਅਤੇ ਐੱਸ.ਡੀ ਹਾਈ ਸਕੂਲ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਐਨ.ਐਮ.ਐਸ.ਡੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅਤੇ ਡੀ.ਐਲ.ਟੀ ਪਬਲਿਕ ਸਕੂਲ ਬਰਨਾਲਾ ਦੇ ਵਿਦਿਅੱਕ ਖੇਤਰ ਦੀਆਂ ਨਾਮਵਰ ਸੰਸਥਾਵਾਂ ਦੇ ਰੂਪ ਵਿੱਚ ਸਥਾਪਿਤ ਹੋਏ, ਉਥੇ ਸਮੇਂ ਦੀ ਮੰਗ ਨੂੰ ਦੇਖਦਿਆਂ ਉਹਨਾਂ ਨੇ ਤਰਕਸ਼ੀਲ ਚੌਂਕ ਸੰਘੇੜਾ ਬਾਈਪਾਸ ’ਤੇ 9 ਏਕੜ ਜਮੀਨ ਖਰੀਦ ਕੇ ਐੱਸ.ਐੱਸ.ਡੀ ਕਾਲਜ, ਐੱਸ.ਐੱਸ.ਡੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸਥਾਪਿਤ ਕੀਤਾ। ਇਸ ਦੌਰਾਨ ਹੀ ਉਹਨਾਂ ਦੀ ਦੂਰ ਅੰਦੇਸੀ ਸੋਚ ਸਦਕਾ ‘ਟੰਡਨ ਇੰਟਰਨੈਸ਼ਨਲ ਸਕੂਲ’ ਦੀ ਸਥਾਪਨਾ ਕੀਤੀ ਗਈ, ਜਿਸ ਵਿੱਚ ਅਤਿ ਅਧੁਨਿਕ ਤਰੀਕੇ ਨਾਲ ਵਿਦਿਆਰਥੀਆਂ ਨੂੰ ਵਿਸਵ ਪੱਧਰ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਇਸ ਦੇ ਨਾਲ-ਨਾਲ ਬਾਊ ਜੀ ਸ਼ਿਵਦਰਸਨ ਕੁਮਾਰ ਸ਼ਰਮਾ ਵੱਲੋਂ ਸਨਾਤਨ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਸਮੇਂ-ਸਮੇਂ ’ਤੇ ਬਰਨਾਲਾ ਵਿੱਚ ਵੱਡੇ-ਵੱਡੇ ਯੱਗ ਅਤੇ ਹੋਰ ਸਨਾਤਨੀ ਪ੍ਰਗੋਰਾਮ ਕਰਵਾਏ ਗਏੇ। ਤਿਆਗ ਦੀ ਮਿਸ਼ਾਲ ਕਾਇਮ ਕਰਦਿਆਂ ਸ਼ਿਵਦਰਸ਼ਨ ਸ਼ਰਮਾ ਨੇ 17 ਅਪ੍ਰੈਲ 2017 ਨੂੰ ਐੱਸ ਡੀ ਸਭਾ ਬਰਨਾਲਾ ਦੇ 40 ਸਾਲ ਤੋਂ ਚੱਲੇ ਆ ਰਹੇ ਜਨਰਲ ਸਕੱਤਰ ਦੇ ਅਹੁਦੇ ਨੂੰ ਖੁਦ ਹੀ ਛੱਡ ਦਿੱਤਾ ਅਤੇ ਆਪਣੀ ਥਾਂ ਸ਼ਿਵ ਸਿੰਗਲਾ ਨੂੰ ਐੱਸ ਡੀ ਸਭਾ ਦਾ ਜਨਰਲ ਸਕੱਤਰ ਬਣਾ ਦਿੱਤਾ। ਇਸ 'ਤੇ ਐੱਸ ਐੱਸ ਡੀ ਸਭਾ ਦੇ ਸਮੁੱਚੇ ਮੈਂਬਰਾਂਨ ਨੇ ਸਰਬ ਸੰਮਤੀ ਨਾਲ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੂੰ ਐੱਸ ਡੀ ਸਭਾ ਦਾ ਚੇਅਰਮੈਨ ਬਣਾ ਦਿੱਤਾ।

ਸ਼ਿਵਦਰਸ਼ਨ ਸਰਮਾ ਦਾ ਸੁਪਨਾ ਸੀ ਕਿ ਐੱਸ.ਐੱਸ.ਡੀ ਕਾਲਜ ਨੂੰ ਯੂਨੀਵਰਸਟੀ ਕੈਂਪਸ ਦੇ ਰੂਪ ਵਿੱਚ ਸਥਾਪਿਤ ਕੀਤਾ ਜਾਵੇ ਅਤੇ ਉਹ ਬਰਨਾਲਾ ਵਿੱਚ ਇੱਕ ਵੱਡਾ ‘ਸਨਾਤਨੀ ਸੰਤ ਸੰਮੇਲਨ’ ਕਰਵਾਉਣਾ ਚਾਹੁੰਦੇ ਸਨ। 

 ਸ੍ਰੀ ਸ਼ਿਵਦਰਸ਼ਨ ਸਰਮਾ ਜੀ ਆਪਣੇ ਸੁਰੂਆਤੀ ਰਾਜਸੀ ਜੀਵਨ ਵਿੱਚ ਹੀ ਕਾਂਗਰਸ ਪਾਰਟੀ ਨਾਲ ਜੁੜ ਗਏ ਅਤੇ ਸੱਤਰਵੇਂ ਦਹਾਕੇ ਵਿੱਚ ਉਹ ਬਲਾਕ ਕਾਂਗਰਸ ਦੇ ਪ੍ਰਧਾਨ ਬਣੇ ਅਤੇ ਉਸ ਸਮੇਂ ਉਹਨਾਂ ਦੀ ਅਗਵਾਈ ਵਿੱਚ ਬਰਨਾਲਾ ’ਚ ਕਾਂਗਰਸ ਦੀ ਇੱਕ ਇਤਿਹਾਸ ਰੈਲੀ ਹੋਈ, ਜਿਸ ਨੂੰ ਉਸ ਸਮੇਂ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸੰਬੋਧਨ ਕੀਤਾ ਸੀ। ਭਾਵੇਂ ਸਿਵਦਰਸ਼ਨ ਸਰਮਾ ਜੀ ਨੇ ਬਾਅਦ ਵਿੱਚ ਆਪਣੀਆਂ ਰਾਜਸੀ ਸਰਗਰਮੀਆਂ ਘੱਟ ਕਰ ਦਿੱਤੀਆਂ, ਪਰ ਉਹ ਤਾ-ਉਮਰ ਕਾਂਗਰਸੀ ਰਹੇ। ਇਸ ਦੇ ਬਾਵਜੂਦ ਦੂਸਰੀਆਂ ਰਾਜਸੀ ਪਾਰਟੀਆਂ ਦੇ ਵੱਡੇ ਵੱਡੇ ਆਗੂ ਵੀ ਸਮੇਂ ਸਮੇਂ ’ਤੇ ਸਿਵਦਰਸ਼ਨ ਸ਼ਰਮਾ ਦੀ ਅਕਸਰ ਹਾਜਰੀ ਭਰਦੇ ਰਹਿੰਦੇ ਅਤੇ ਉਹਨਾਂ ਤੋਂ ਰਾਜਨੀਤਕ ਸਲਾਹਾਂ ਲੈਣ ਆਉਂਦੇ ਰਹੇ। ਸਦਾ ਹਸਦੇ ਮੁਸਕਾਉਂਦੇ ਰਹਿਣ ਵਾਲੇ, ਸ਼ੇਅਰੋ ਸਿਆਰੀ ਨਾਲ ਭਰਪੂਰ ਗੱਲਾਂ ਕਰਨ ਵਾਲੇ ਅਤੇ ਪੂਰੀ ਰੜਕ ਅਤੇ ਮੜ੍ਹਕ ਨਾਲ ਜਿੰਦਗੀ ਜਿਉਣ ਵਾਲੇ ਸਿਵਦਰਸ਼ਨ ਕੁਮਾਰ ਸਰਮਾ ਜੀ ਬੀਤੇ 20 ਦਸੰਬਰ 2025 ਨੂੰ ਸਾਡੇ ਕੋਲੋਂ ਸਦਾ ਲਈ ਵਿਛੜ ਗਏ।

ਜਿਥੇ ਸ਼ਿਵਦਰਸ਼ਨ ਕੁਮਾਰ ਸ਼ਰਮਾ ਜੀ ਨੇ ਸਮਾਜ ਲਈ ਵੱਡਾ ਯੋਗਦਾਨ ਪਾਇਆ ਹੈ, ਉਥੇ ਉਹਨਾਂ ਨੇ ਆਪਣੀਆਂ ਪਰਵਾਰਿਕ ਜਿੰਮੇਵਾਰੀਆਂ ਵੀ ਬਹੁਤ ਸੁਚੱਜੇ ਢੰਗ ਨਾਲ ਨਿਭਾਈਆਂ ਹਨ। ‘ਬਾਊ ਜੀ’ ਨੇ ਆਪਣੀਆਂ ਚਾਰ ਬੇਟੀਆਂ ਅਤੇ ਦੋ ਬੇਟਿਆਂ ਨੂੰ ਬਹੁਤ ਵੀ ਵਧੀਆ ਢੰਗ ਨਾਲ ਪਾਲਣ ਪੋਸ਼ਣ ਕੀਤਾ ਅਤੇ ਅਤੇ ਉਹਨਾਂ ਨੂੰ ਚੰਗੀ ਤਾਲੀਮ ਦਿਵਾ ਕੇ ਆਪੋ ਆਪਣੇ ਪੈਰਾਂ ’ਤੇ ਖੜਾ ਕੀਤਾ ਅਤੇ ਯੋਗ ਵਰ ਲੱਭ ਕੇ ਉਹਨਾਂ ਦੇ ਵਿਆਹ ਕੀਤੇ। ਸ੍ਰੀ ਸ਼ਿਵਦਰਸ਼ਨ ਸ਼ਰਮਾ ਜੀ ਦੇ ਵੱਡੇ ਬੇਟੇ ਡਾਕਟਰ ਪਿਨਾਂਕ ਮੋਦਗਿੱਲ ਅੱਜਕੱਲ ਮੈਕਸ ਗਰੁੱਪ ਦੇ ਸੀਨੀਅਰ ਵਾਇਸ ਪ੍ਰਧਾਨ ਹਨ, ਜਦਕਿ ਉਹਨਾਂ ਦੀ ਵੱਡੀ ਨੂੰਹ ਡਾਕਟਰ ਦੀਪਕਾ ਮੋਦਗਿੱਲ ਵੀ ਮੈਕਸ ਹਸਪਤਾਲ ਮੋਹਾਲੀ ਵਿਖੇ ਸੇਵਾਵਾਂ ਨਿਭਾ ਰਹੀ ਹੈ। ਉਹਨਾਂ ਦੇ ਛੋਟੇ ਬੇਟੇ ਡਾਕਟਰ ਹਿਮਾਂਸੂ ਮੋਦਗਿੱਲ ਅਤੇ ਛੋਟੀ ਨੂੰਹ ਨਤਾਸ਼ਾ ਮੋਦਗਿੱਲ ਹਰਿਆਣਾ ਸਿਹਤ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਦੀ ਵੱਡੀ ਬੇਟੀ ਨੀਰਜਾ ਸ਼ਰਮਾ ਕਨੇਡਾ ਵਿੱਚ ਸੈਟਲ ਹਨ, ਜਦਕਿ ਇੱਕ ਬੇਟੀ ਵਿਧੂ ਸ਼ਰਮਾ ਜਮਨਾ ਨਗਰ ਹਰਿਆਣਾ ਵਿੱਚ ਵਧੀਆ ਜਿੰਦਗੀ ਜਿਉਂ ਕਰ ਰਹੀ ਹੈ। ਉਹਨਾਂ ਦੀ ਇੱਕ ਬੇਟੀ ਸ਼ਾਲਿਨੀ ਕੌਸ਼ਲ ਇਸ ਸਮੇਂ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਪ੍ਰਿੰਸੀਪਲ ਹਨ, ਜਦਕਿ ਛੋਟੀ ਬੇਟੀ ਸ਼ਿਫਾਲੀ ਸਰਮਾ ਪੰਚਕੂਲਾ ਵਿਚ ਆਪਣੇ ਪਤੀ ਅਤੇ ਬੱਚਿਆਂ ਨਾਲ ਖੁਸ਼ਹਾਲ ਜਿੰਦਗੀ ਬਤੀਤ ਕਰ ਰਹੇ ਹਨ। ‘ਬਾਊ ਜੀ’ ਦੇ ਪੋਤਰੇੇ-ਪੋਤੀਆਂ ਵਿਦੇਸ਼ ਅਤੇ ਦੇਸ਼ ਵਿੱਚ ਉਚ ਵਿਦਿਆ ਪ੍ਰਾਪਤ ਕਰ ਰਹੇ ਹਨ, ਜਦਕਿ ਸ਼ਿਵਦਰਸਨ ਸ਼ਰਮਾ ਜੀ ਦਾ ਦੋਹਤਾ ਹਾਰਦਿਕ ਕੌਸ਼ਲ ਹਾਲ ਹੀ ਵਿੱਚ ਰਾਜਸਥਾਨ ਨਿਆਂ ਪਾਲਿਕਾਂ ’ਚ ਜੱਜ ਸਿਲੈਕਟ ਹੋਇਆ ਹੈ। ‘ਬਾਊ ਜੀ’ ਦੀਆਂ ਪਤਨੀਆਂ ਬੀਬੀ ਰੂਪ ਰਾਣੀ ਅਤੇ ਬੀਬੀ ਸੀਤਲ ਸ਼ਰਮਾਂ ਇਸ ਸਮੇਂ ਆਪਣੇ ਭਰੇ ਪੂਰੇ ਪਰਵਾਰ ਵਿੱਚ ਬੱਚਿਆਂ ਨਾਲ ਖੁਸਹਾਲ ਜਿੰਦਗੀ ਬਤੀਤ ਕਰ ਰਹੀਆਂ ਹਨ। ਇਸ ਦੇ ਨਾਲ ‘ਬਾਊ ਜੀ’ ਨੇ ਸ਼ਿਵ ਸਿੰਗਲਾ ਨੂੰ ਵੀ ਆਪਣੇ ਪੁੱਤਰਾਂ ਵਰਗਾ ਹੀ ਪਿਆਰ ਦਿੱਤਾ ਹੈ।

 ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਜੀ ਦੇ ਨਮਿੱਤ ਸ੍ਰੀ ਗਰੁੜ ਪ੍ਰਾਣ ਦੇ ਪਾਠ ਦਾ ਭੋਗ ਅਤੇ ਸਰਧਾਂਜ਼ਲੀ ਸਮਾਗਮ 31 ਦਸੰਬਰ 2025 ਦਿਨ ਬੁੱਧਵਾਰ ਨੂੰ ਐੱਸ.ਐੱਸ.ਡੀ ਕਾਲਜ, ਤਰਕਸ਼ੀਲ ਚੌਕ-ਸੰਘੇੜਾ ਬਾਈਪਾਸ ਬਰਨਾਲਾ ਵਿਖੇ ਹੋ ਰਿਹਾ ਹੈ, ਜਿਥੇ ਪਰਵਾਰ, ਰਿਸਤੇਦਾਰਾਂ ਅਤੇ ਸੱਜਣ ਸੁਨੇਹੀਆਂ ਸਮੇਤ ਵੱਖ ਵੱਖ ਰਾਜਨੀਤਕ ਪਾਰਟੀਆਂ, ਧਾਰਮਿਕ, ਸਮਾਜਿਕ ਅਤੇ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।

                                    ਕੇਸ਼ਵ ਵਰਦਾਨ ਪੁੰਜ 

ਪੂਰੀ ਰੜਕ ਤੇ ਮੜਕ ਨਾਲ ਜਿੰਦਗੀ ਜਿਉਣ ਵਾਲੇ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਨੇ ਬਰਨਾਲਾ ਨੂੰ ਦਿੱਤੀਆਂ ਵੱਡੀਆਂ ਦੇਣਾਂ*
  • Title : ਪੂਰੀ ਰੜਕ ਤੇ ਮੜਕ ਨਾਲ ਜਿੰਦਗੀ ਜਿਉਣ ਵਾਲੇ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਨੇ ਬਰਨਾਲਾ ਨੂੰ ਦਿੱਤੀਆਂ ਵੱਡੀਆਂ ਦੇਣਾਂ*
  • Posted by :
  • Date : दिसंबर 30, 2025
  • Labels :
  • Blogger Comments
  • Facebook Comments

0 comments:

एक टिप्पणी भेजें

Top