ਸੋਨਲਿਕਾ ਵੱਲੋਂ ਪੰਜਾਬ ਹੈਲਥ ਸਿਸਟਮ ਨੂੰ 12 ਐਂਬੂਲੈਂਸਾਂ ਦੀ ਭੇਟ — ਸਿਹਤ ਸਹੂਲਤਾਂ ਹੋਣਗੀਆਂ ਹੋਰ ਮਜ਼ਬੂਤ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸਮਾਜਿਕ ਜਿੰਮੇਵਾਰੀ ਨਿਭਾਉਂਦੇ ਹੋਏ ਇੰਟਰਨੈਸ਼ਨਲ ਟ੍ਰੈਕਟਰਜ਼ ਲਿਮਿਟਡ (ਸੋਨਲਿਕਾ ਗਰੁੱਪ) ਵੱਲੋਂ ਪੰਜਾਬ ਹੈਲਥ ਸਿਸਟਮ ਨੂੰ 12 ਐਂਬੂਲੈਂਸਾਂ ਦਾਨ ਕੀਤੀਆਂ ਗਈਆਂ ਹਨ। ਇਹ ਐਂਬੂਲੈਂਸਾਂ ਮਾਣਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਆਸਿਕਾ ਜੈਨ ਵੱਲੋਂ ਹਰੀ ਝੰਡੀ ਦੇ ਕੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਨੂੰ ਰਸਮੀ ਤੌਰ ’ਤੇ ਸੌਂਪੀਆਂ ਗਈਆਂ।
ਇਹ ਮਹੱਤਵਪੂਰਨ ਪਹਿਲ ਇੰਟਰਨੈਸ਼ਨਲ ਟ੍ਰੈਕਟਰ ਲਿਮਿਟਡ (ਸੋਨਲਿਕਾ) ਦੇ ਵਾਈਸ ਚੇਅਰਮੈਨ ਸ਼੍ਰੀ ਅੰਮ੍ਰਿਤ ਸਾਗਰ ਮਿੱਤਲ ਦੇ ਦਿਸ਼ਾ-ਨਿਰਦੇਸ਼ ਅਧੀਨ “ਚੜਦੀਕਲਾ ਪੰਜਾਬ” ਦੇ ਸੂਤਰ ਨੂੰ ਅਮਲੀ ਰੂਪ ਦੇਣ ਵੱਲ ਇੱਕ ਕਦਮ ਹੈ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ, ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ, ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਡਾ. ਨਵਜੋਤ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਨੇਹਾ ਪਾਲ, ਅਤੇ ਸੋਨਲਿਕਾ ਗਰੁੱਪ ਵੱਲੋਂ ਸ਼੍ਰੀ ਅਕਸ਼ੈ ਸਾਂਗਵਾਨ (ਡਾਇਰੈਕਟਰ ਡਿਵੈਲਪਮੈਂਟ ਐਂਡ ਕਮਰਸ਼ੀਅਲ), ਸ਼੍ਰੀ ਜੇ.ਐਸ. ਚੌਹਾਨ (ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਪਰੇਸ਼ਨ) ਅਤੇ ਸ਼੍ਰੀ ਰਜਨੀਸ਼ ਸੰਦਲ (ਹੈੱਡ ਲੀਗਲ ਐਂਡ ਪੀ.ਆਰ.) ਵੀ ਹਾਜ਼ਰ ਸਨ।
ਸ਼੍ਰੀਮਤੀ ਆਸਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਇਸ ਮੌਕੇ ਕਿਹਾ ਕਿ “ਸੋਨਲਿਕਾ ਵੱਲੋਂ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੀਤਾ ਗਿਆ ਇਹ ਯੋਗਦਾਨ ਕਾਬਿਲ-ਏ-ਤਾਰੀਫ਼ ਹੈ। ਐਂਬੂਲੈਂਸਾਂ ਦੇ ਨਾਲ ਐਮਰਜੈਂਸੀ ਸੇਵਾਵਾਂ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਨਗੀਆਂ। ਉਦਯੋਗਿਕ ਸੰਗਠਨਾਂ ਅਤੇ ਸਰਕਾਰ ਦੇ ਸਾਂਝੇ ਯਤਨਾਂ ਨਾਲ ਹੀ ਅਸੀਂ ਸਿਹਤ ਖੇਤਰ ਨੂੰ ਨਵੇਂ ਪੱਧਰ ’ਤੇ ਲੈ ਜਾ ਸਕਦੇ ਹਾਂ।
ਡਾ. ਬਲਵੀਰ ਕੁਮਾਰ ਸਿਵਲ ਸਰਜਨ ਹੁਸ਼ਿਆਰਪੁਰ ਨੇ ਕਿਹਾ ਕਿ “ਸੋਨਲਿਕਾ ਵੱਲੋਂ ਪੰਜਾਬ ਹੈਲਥ ਸਿਸਟਮ ਨੂੰ ਦਿੱਤੀਆਂ ਗਈਆਂ ਇਹਨਾਂ ਐਂਬੂਲੈਂਸਾਂ ਨਾਲ ਐਮਰਜੈਂਸੀ ਸੇਵਾਵਾਂ ਵਿੱਚ ਗਤੀ ਲਿਆਉਣ ਅਤੇ ਮਰੀਜ਼ਾਂ ਤੱਕ ਸਮੇਂ ’ਤੇ ਸਹਾਇਤਾ ਪਹੁੰਚਾਉਣ ਲਈ ਬਹੁਤ ਲਾਭਦਾਇਕ ਸਾਬਤ ਹੋਣਗੀਆਂ।
ਇਸ ਮੌਕੇ ਦੋਹਾਂ ਅਧਿਕਾਰੀਆਂ ਵੱਲੋਂ ਸੋਨਲਿਕਾ ਗਰੁੱਪ ਦੇ ਸਮਾਜਿਕ ਯੋਗਦਾਨ ਦੀ ਸਰਾਹਨਾ ਕੀਤੀ ਗਈ ਅਤੇ ਉਮੀਦ ਜਤਾਈ ਗਈ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਪਹਿਲ ਨਾਲ ਸਿਹਤ ਖੇਤਰ ਹੋਰ ਮਜ਼ਬੂਤ ਹੋਵੇਗਾ।
0 comments:
एक टिप्पणी भेजें