*ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਦਾ ਸਮਰਥਨ
ਸਮੂਹ ਜ਼ਿਲ੍ਹਿਆਂ ਅੰਦਰ ਰੈਲੀਆਂ ਅਤੇ ਰੋਸ਼ ਮਾਰਚ ਕਰਨ ਦਾ ਐਲਾਨ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ,7 ਜੁਲਾਈ :- ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ 9 ਜੁਲਾਈ ਦੀ ਹੜਤਾਲ ਨੂੰ ਡੈਮੋਕ੍ਰੈਟਿਕ ਮੁਲਾਜ਼ਮ ਫੇਡਰੇਸ਼ਨ ਵੱਲੋਂ ਸਮਰਥਨ ਦਾ ਐਲਾਨ ਕਰਦਿਆਂ ਸਮੂਹ ਜ਼ਿਲ੍ਹਿਆਂ ਅੰਦਰ ਹਮਖਿਆਲੀ ਜਥੇਬੰਦੀਆਂ ਨਾਲ ਮਿਲ ਕੇ ਰੈਲੀਆਂ ਅਤੇ ਪ੍ਰਦਰਸ਼ਨਾਂ ਨੂੰ ਸਫ਼ਲ ਕਰਨ ਦਾ ਸੱਦਾ ਦਿੱਤਾ ਗਿਆ ਹੈ। ਜਥੇਬੰਦੀ ਦੀ ਸੂਬਾ ਕਮੇਟੀ ਮੀਟਿੰਗ ਕਰਨ ਤੋਂ ਬਾਅਦ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਜਨਰਲ ਸਕੱਤਰ ਹਰਦੀਪ ਟੋਡਰਪੁਰ ਅਤੇ ਵਿਤ ਸਕੱਤਰ ਹਰਿੰਦਰ ਦੁਸਾਂਝ ਨੇ ਜਾਰੀ ਕੀਤੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮਜ਼ਦੂਰਾਂ, ਮੁਲਾਜ਼ਮਾਂ ਅਤੇ ਮਾਣਭੱਤਾ ਵਰਕਰਾਂ ਦੇ ਹੱਕਾਂ ਦਾ ਵੱਡੇ ਪੱਧਰ 'ਤੇ ਘਾਣ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਦੁਆਰਾ ਮਜ਼ਦੂਰ ਪੱਖੀ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਲਿਆਉਣ, ਠੇਕੇਦਾਰ ਤੇ ਆਊਟਸੋਰਸ ਪ੍ਰਣਾਲੀ ਨੂੰ ਲਗਾਤਾਰ ਜਾਰੀ ਰੱਖਣ ਅਤੇ ਹੋਰ ਮਜ਼ਬੂਤ ਕਰਨ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਕੇ ਕਾਰਪੋਰੇਟਾਂ ਦੇ ਹਵਾਲੇ ਕਰਨ, ਸਰਕਾਰੀ ਵਿਭਾਗਾਂ ਦੀ ਆਕਾਰ ਘਟਾਈ ਦੀ ਨੀਤੀ ਨੂੰ ਤੇਜ਼ ਕਰਨ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨ, ਮਾਣ ਭੱਤਾ ਵਰਕਰਾਂ 'ਤੇ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਘੱਟੋ ਘੱਟ ਉਜ਼ਰਤਾਂ ਲਾਗੂ ਨਾ ਕਰਨ ਅਤੇ ਕੌਮੀ ਸਿੱਖਿਆ ਨੀਤੀ 2020 ਰਾਹੀਂ ਸਰਕਾਰੀ ਸਿੱਖਿਆ ਸੰਸਥਾਵਾਂ ਦੇ ਖਾਤਮੇ ਦਾ ਰਾਹ ਅਖਤਿਆਰ ਕਰਨ ਨਾਲ ਇਹ ਸਾਬਿਤ ਹੋ ਚੁੱਕਾ ਹੈ ਕਿ ਇਹ ਦੋਵੇਂ ਸਰਕਾਰਾਂ ਲੋਕਾਂ ਲਈ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੀਆਂ ਹਨ।
ਇਸ ਮੌਕੇ ਵਿਕਰਮਦੇਵ ਸਿੰਘ, ਲਖਵਿੰਦਰ ਕੌਰ ਫਰੀਦਕੋਟ, ਮਨਦੀਪ ਕੌਰ ਬਿਲਗਾ, ਬਲਬੀਰ ਸਿੰਘ ਸਿਵੀਆਂ, ਅਤਿੰਦਰਪਾਲ ਸਿੰਘ ਅਤੇ ਮਹਿਮਾ ਸਿੰਘ ਧਨੌਲਾ ਨੇ ਕਿਹਾ ਕਿ ਮਜ਼ਦੂਰਾਂ, ਮੁਲਾਜ਼ਮਾਂ ਤੇ ਮਾਣਭੱਤਾ ਵਰਕਰਾਂ ਦੇ ਮਸਲੇ ਹੱਲ ਨਾ ਕਰਨ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਵੀ ਦੋ ਕਦਮ ਅੱਗੇ ਚੱਲ ਰਹੀ ਹੈ। ਆਗੂਆਂ ਨੇ ਆਖਿਆ ਕਿ ਜਿੱਥੇ ਆਮ ਆਦਮੀ ਪਾਰਟੀ ਮਾਣਭੱਤਾ ਵਰਕਰਾਂ ਦਾ ਭੱਤਾ ਦੁੱਗਣਾ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਕਰਨ ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀਆਂ ਦਿਤੀਆਂ ਆਪਣੀਆਂ ਹੀ ਗਰੰਟੀਆਂ ਤੋਂ ਭਗੋੜੀ ਹੋ ਚੁੱਕੀ ਹੈ ਉੱਥੇ ਮੁਲਾਜ਼ਮਾਂ ਦੇ ਪੇਂਡੂ ਤੇ ਬਾਰਡਰ ਏਰੀਆ ਸਮੇਤ ਵੱਖ ਵੱਖ ਕਿਸਮ ਦੇ ਰੋਕੇ ਗਏ ਭੱਤੇ, ਏ.ਸੀ.ਪੀ. ਸਕੀਮ ਨੂੰ ਬਹਾਲ ਕਰਨ, 17-07-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਨ ਅਤੇ ਮਹਿੰਗਾਈ ਭੱਤੇ ਦੀਆਂ ਰੋਕੀਆਂ ਕਿਸ਼ਤਾਂ ਤੇ ਬਕਾਏ ਜਾਰੀ ਕਰਨ ਤੋਂ ਆਨਾਕਾਨੀ ਕਰ ਰਹੀ ਹੈ।
ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਫੈਸਲਾ ਕੀਤਾ ਗਿਆ ਕਿ 9 ਜੁਲਾਈ ਨੂੰ ਹੜਤਾਲ ਦੌਰਾਨ ਸਮੂਹ ਜ਼ਿਲ੍ਹਿਆਂ ਵਿੱਚ ਭਰਵੇਂ ਪ੍ਰਦਰਸ਼ਨ ਕੀਤੇ ਜਾਣਗੇ।
0 comments:
एक टिप्पणी भेजें