ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਇਆ ਜਾਣਾ ਲਾਜ਼ਮੀ: ਬਲਬੀਰ ਕੌਰ ਰਾਏਕੋਟੀ
ਕਮਲੇਸ਼ ਗੋਇਲ ਖਨੌਰੀ
ਸੰਗਰੂਰ, 30 ਅਕਤੂਬਰ - “ਜੇਕਰ ਮਾਂ ਬੋਲੀ ਪੰਜਾਬੀ ਨੂੰ ਜਿਊਂਦਾ ਰੱਖਣਾ ਹੈ, ਤਾਂ ਇਸ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਇਆ ਜਾਣਾ ਲਾਜ਼ਮੀ ਹੈ।” ਇਹ ਸ਼ਬਦ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਨਾਭਾ ਗੇਟ, ਸੰਗਰੂਰ ਵਿਖੇ ਕਰਵਾਏ ਗਏ ਆਪਣੇ ਰੂ-ਬ-ਰੂ ਸਮਾਗਮ ਵਿੱਚ ਬੋਲਦਿਆਂ ਉੱਘੀ ਲੇਖਿਕਾ ਲੈਕ. ਬਲਬੀਰ ਕੌਰ ਰਾਏਕੋਟੀ ਪ੍ਰਧਾਨ (ਭਾਰਤ) ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਕਹੇ। ਉਨ੍ਹਾਂ ਨੇ ਕਿਹਾ ਕਿ ਨੌਜਵਾਨੀ ਦੇ ਵਿਦੇਸ਼ ਜਾਣ ਨਾਲ ਪੰਜਾਬ ਦੀ ਆਰਥਿਕਤਾ ਦੇ ਨਾਲ ਨਾਲ ਬੌਧਿਕਤਾ ਵੀ ਤਬਾਹ ਹੋ ਰਹੀ ਹੈ। ਆਪਣੇ ਜੀਵਨ ਅਤੇ ਸਾਹਿਤ ਸਿਰਜਣਾ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੇ ਮਾਂ ਬੋਲੀ ਪੰਜਾਬੀ ਨੂੰ ਦੇਸ਼-ਵਿਦੇਸ਼ ਵਿੱਚ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇੰਜ. ਸੁਖਮਿੰਦਰ ਸਿੰਘ ਭੱਠਲ ਪ੍ਰਧਾਨ ਲਾਇਨਜ਼ ਕਲੱਬ ਸੰਗਰੂਰ ਗਰੇਟਰ ਅਤੇ ਜਨਰਲ ਸਕੱਤਰ ਬਿਰਧ ਆਸ਼ਰਮ ਬਡਰੁੱਖਾਂ ਨੇ ਕਿਹਾ ਕਿ ਲੋਕ ਲਹਿਰਾਂ ਦੀ ਉਸਾਰੀ ਵਿੱਚ ਸਾਹਿਤ ਸਭਾਵਾਂ ਦੀ ਭੂਮਿਕਾ ਬੜੀ ਜ਼ਿਕਰਯੋਗ ਹੈ। ਇਸ ਮੌਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਇਨ੍ਹਾਂ ਦੋਵੇਂ ਸ਼ਖ਼ਸੀਅਤਾਂ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਮੂਲ ਚੰਦ ਸ਼ਰਮਾ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਨੇ ਕੀਤੀ ਅਤੇ ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਨਾਲ ਰਜਿੰਦਰ ਸਿੰਘ ਰਾਜਨ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:), ਸੁਰਜੀਤ ਸਿੰਘ ਸਾਬਕਾ ਈ. ਓ. ਮਿਊਂਸਪਲ ਕਮੇਟੀ ਸੰਗਰੂਰ ਅਤੇ ਓ. ਪੀ. ਅਰੋੜਾ ਜਨਰਲ ਸਕੱਤਰ ਜ਼ਿਲ੍ਹਾ ਸਕੇਟਿੰਗ ਐਸ਼ੋਸੀਏਸ਼ਨ ਸੰਗਰੂਰ ਸ਼ਾਮਲ ਹੋਏ। ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਸੁਰਜੀਤ ਸਿੰਘ ਨੇ ਕਿਹਾ ਕਿ ਸਾਹਿਤਕਾਰਾਂ ਨੂੰ ਸਮਾਜ ਦੇ ਦੱਬੇ-ਕੁਚਲੇ ਵਰਗਾਂ ਦੀ ਗੱਲ ਹੋਰ ਜ਼ੋਰ ਨਾਲ ਉਠਾਉਣ ਦੀ ਜ਼ਰੂਰਤ ਹੈ। ਓ. ਪੀ. ਅਰੋੜਾ ਨੇ ਕਿਹਾ ਕਿ ਆਪਣੀ ਮਾਂ ਬੋਲੀ ਨੂੰ ਭੁੱਲ ਜਾਣ ਤੋਂ ਵੱਡਾ ਹੋਰ ਕੋਈ ਪਾਪ ਨਹੀਂ ਹੋ ਸਕਦਾ। ਸਮਾਗਮ ਦੇ ਆਰੰਭ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਹਾਜ਼ਰ ਸਾਹਿਤਕਾਰਾਂ ਲਈ ਸਵਾਗਤੀ ਸ਼ਬਦ ਕਹੇ ਅਤੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਪਾਲਾ ਮੱਲ ਸਿੰਗਲਾ ਪ੍ਰਧਾਨ ਸੀਨੀਅਰ ਸਿਟੀਜਨ ਸੰਗਰੂਰ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਉਪਰੰਤ ਆਦਿ ਕਵੀ ਮਹਾਂਰਿਸ਼ੀ ਵਾਲਮੀਕ ਜੀ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਬਲਵੰਤ ਕੌਰ ਘਨੌਰੀ, ਰਮਨੀਤ ਚਾਨੀ, ਰਜਿੰਦਰ ਸਿੰਘ ਰਾਜਨ, ਸੁਖਵਿੰਦਰ ਸਿੰਘ ਲੋਟੇ, ਬਿੱਕਰ ਸਿੰਘ ਸਟੈਨੋ, ਜਗਸੀਰ ਕੌਰ ਭੱਟੀ, ਕਾਰਤਿਕ ਅਰੋੜਾ, ਵਿਸ਼ਾਲ ਸ਼ਰਮਾ, ਬਾਲੀ ਰੇਤਗੜ੍ਹ, ਪਰਮਜੀਤ ਕੌਰ, ਸਤਪਾਲ ਸਿੰਘ ਲੌਂਗੋਵਾਲ, ਦਲਬਾਰ ਸਿੰਘ, ਜੱਗੀ ਮਾਨ, ਪਰਮਜੀਤ ਕੌਰ ਈਸੀ, ਪਵਨ ਹੋਸ਼ੀ, ਸੁਖਵਿੰਦਰ ਸਿੰਘ ਫੁੱਲ, ਕਰਮ ਸਿੰਘ ਜ਼ਖ਼ਮੀ, ਮਨਵੀਰ ਸਿੰਘ, ਬਲਕਾਰ ਸਿੰਘ, ਅਮਰਜੀਤ ਸਿੰਘ, ਰਾਜਦੀਪ ਸਿੰਘ, ਖੁਸ਼ਪ੍ਰੀਤ ਕੌਰ, ਲਾਡੀ ਸਿੰਘ, ਜਗਜੀਤ ਸਿੰਘ ਲੱਡਾ, ਸੱਤਪਾਲ ਸੱਤਿਅਮ, ਸੁਰਜੀਤ ਸਿੰਘ, ਸੁਰਿੰਦਰਪਾਲ ਸਿੰਘ ਸਿਦਕੀ, ਓ. ਪੀ. ਅਰੋੜਾ, ਮੱਖਣ ਸੇਖੂਵਾਸ, ਦਲਜੀਤ ਸਿੰਘ, ਕੁਲਵੰਤ ਖਨੌਰੀ, ਪਰਮਜੀਤ ਸਿੰਘ ਦਰਦੀ, ਗੋਬਿੰਦ ਸਿੰਘ ਤੂਰਬਨਜਾਰਾ, ਜੀਤ ਹਰਜੀਤ, ਭੁਪਿੰਦਰ ਨਾਗਪਾਲ, ਇਵਨੀਤ ਕੌਰ ਅਤੇ ਖੁਸ਼ਦੀਪ ਨਾਰੰਗ ਆਦਿ ਕਵੀਆਂ ਨੇ ਹਿੱਸਾ ਲਿਆ। ਅੰਤ ਵਿੱਚ ਰਜਿੰਦਰ ਸਿੰਘ ਰਾਜਨ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਕਾਰਵਾਈ ਸੁਖਵਿੰਦਰ ਸਿੰਘ ਲੋਟੇ ਨੇ ਬਾਖ਼ੂਬੀ ਨਿਭਾਈ।
0 comments:
एक टिप्पणी भेजें