ਲੁਧਿਆਣਾ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ 'ਆਪ' ਉਮੀਦਵਾਰ ਗੁਰਮੇਲ ਘਰਾਚੋਂ ਦੇ ਪ੍ਰਚਾਰ ਹਿੱਤ ਬਰਨਾਲਾ ਪੁੱਜੇ
ਪੰਜਾਬ ਨੂੰ ਮਾਡਲ ਸਟੇਟ ਬਣਾਉਣਾ ਮੁੱਖ ਮੰਤਰੀ ਦਾ ਸੁਪਨਾ-ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ
ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਹੋਣਗੇ ਅਗਲੇ ਪ੍ਰਧਾਨ ਮੰਤਰੀ
ਬਰਨਾਲਾ, 14 ਜੂਨ :ਬਲਜਿੰਦਰ ਸਿੰਘ ਚੋਹਾਨ
ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਵਾਇਤੀ ਪਾਰਟੀਆਂ ਦੇ ਸਤਾਏ ਲੋਕਾਂ ਆਪਣੀ ਸਮਝ ਸੋਚ ਨਾਲ ਪੰਜਾਬ ਦੇ ਹਿੱਤਾਂ ਦੀ ਰਾਖੀ ਤੇ ਲੋਕਾਂ ਦੀ ਭਲਾਈ ਲਈ ਦਿੱਤਾ ਦਿਲ ਖੋਲ੍ਹਵਾਂ ਫਤਵਾ ਮੌਜੂਦਾ ਜ਼ਿਮਨੀ ਚੋਣ ਦੌਰਾਨ ਵੀ ਨਾ ਸਿਰਫ਼ ਬਰਕਰਾਰ ਰਹੇਗਾ ਬਲਕਿ ਸਰਕਾਰ ਦੇ ਕੰਮਾਂ ਦੇ ਤਿਮਾਹੀਂ ਸੋਸ਼ਲ ਆਡਿਟ 'ਤੇ ਵੀ ਮੋਹਰ ਹੋਵੇਗੀ। ਇਹ ਪ੍ਰਗਟਾਵਾ ਸੰਗਰੂਰ ਸੰਸਦੀ ਹਲਕੇ ਤੋਂ ਚੋਣ ਲਡ਼ ਰਹੇ 'ਆਪ' ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਇੱਥੇ ਪੁੱਜੇ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਕੀਤਾ। ਇੱਥੇ ਚੋਣਵੇਂ ਪੱਤਰਕਾਰਾਂ ਨਾਲ ਖੁੱਲ੍ਹੀ ਗੱਲਬਾਤ ਦੌਰਾਨ ਸ੍ਰੀ ਪੱਪੀ ਨੇ ਸਰਕਾਰੀ ਵਿਭਾਗਾਂ 'ਚ ਅਜੇ ਵੀ ਚੱਲ ਰਹੇ ਭ੍ਰਿਸ਼ਟਾਚਾਰ ਦੇ ਸਵਾਲ ਦਾ ਜੁਆਬ ਦਿੰਦਿਆਂ ਕਿਹਾ ਕਿ ਕਰੀਬ ਪੌਣੀ ਸਦੀ ਦੇ ਸਮੇਂ ਤੋਂ ਜਡ਼੍ਹਾਂ ਫੈਲਾਈ ਬੈਠੀ ਇਸ ਬਿਮਾਰੀ ਦੇ ਪੱਕੇ ਇਲਾਜ਼ 'ਚ ਮੁੱਖ ਮੰਤਰੀ ਭਗਵੰਤ ਮਾਨ ਪਹਿਲੇ ਦਿਨੋਂ ਜੁਟ ਚੁੱਕੇ ਹਨ। ਇਸ ਮਸਲੇ 'ਤੇ ਉਨ੍ਹਾਂ ਦੀ ਜ਼ੀਰੋ ਟੌਲਰੈਂਸ ਆਪਣੇ ਨਜ਼ਦੀਕੀ ਕੈਬਨਿਟ ਸਾਬਕਾ ਸਿਹਤ ਮੰਤਰੀ ਖਿਲਾਫ਼ ਬਿਜਲਈ ਰਫ਼ਤਾਰ ਨਾਲ ਕੀਤੀ ਕਾਰਵਾਈ ਤੋਂ ਚਿੱਟੇ ਦਿਨ ਵਾਂਗ ਸਾਫ਼ ਹੈ। ਸਥਾਨਕ ਵਜ਼ੀਰ ਮੀਤ ਹੇਅਰ ਦੇ ਮਿਜਾਜ਼ 'ਚ ਆਏ ਫ਼ਰਕ ਸਬੰਧੀ ਜਾਣੂ ਕਰਵਾਏ ਜਾਣ 'ਤੇ ਉਨ੍ਹਾਂ ਕਿਹਾ ਕਿ ਉਹ ਤੁਹਾਡੇ ਇਲਾਕੇ ਬਰਨਾਲਾ ਦਾ ਮਾਨ ਤੇ ਕਾਬਿਲ ਆਗੂ ਹਨ, ਮੰਤਰਾਲੇ ਨਾਲ ਜੁਡ਼ੀ ਸੂਬੇ ਭਰ ਦੀ ਜ਼ਿੰਮੇਵਾਰੀ ਕਾਰਨ ਕੁੱਝ ਰੁਝੇਵੇਂ ਤਾਂ ਵਧਦੇ ਹਨ, ਪ੍ਰੰਤੂ ਜ਼ਿੰਮੇਵਾਰੀ ਲਾਇਕ ਬਣਾਉਣ ਵਾਲੇ ਆਪਣੇ ਲੋਕਾਂ ਪ੍ਰਤੀ ਜੁਆਬਦੇਹੀ ਕਦਾਚਿਤ ਵਿਸਾਰੀ ਨਹੀਂ ਜਾਵੇਗੀ। ਉਨ੍ਹਾਂ ਦੇ ਧਿਆਨਹਿੱਤ ਲਿਆਂਦਾ ਜਾਵੇਗਾ। ਲੋਕਾਂ ਵੱਲੋਂ ਦਿੱਤੇ ਸਮੇਂ 'ਚ ਸੂਬੇ ਨੂੰ ਦੇਸ਼ ਦਾ ਮਾਡਲ ਸੂਬਾ ਬਣਾਉਣ ਦਾ ਮੁੱਖ ਮੰਤਰੀ ਮਾਨ ਦਾ ਮੁੱਖ ਉਦੇਸ਼ ਦੱਸਿਆ। ਇਸੇ ਤਰ੍ਹਾਂ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਅਗਲੇਰਾ ਪ੍ਰਧਾਨ ਮੰਤਰੀ ਬਿਆਨਿਆਂ। ਉਨ੍ਹਾਂ 'ਆਪ' ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਵਿਧਾਨ ਸਭਾ ਚੋਣਾਂ ਵਾਲੇ ਵੇਗ ਨਾਲੋਂ ਵੀ ਵੱਧ ਜੋਸ਼ ਨਾਲ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੰਜੀਵ ਸੂਦ ਮਿੰਟਾ, ਕੁਲਦੀਪ ਸੂਦ, ਅੰਕੁਰ, ਕੌਂਸਲਰ ਬੰਟੀ ਸ਼ੀਤਲ ਤੇ ਕੈਪਟਨ ਸੁਖਦੇਵ ਸਿੰਘ ਆਦਿ ਹਾਜ਼ਰ ਸਨ।
0 comments:
एक टिप्पणी भेजें