ਕਾਂਗਰਸੀ ਆਗੂ ਸ਼੍ਰੀ ਦਰਸ਼ਨ ਕਾਂਗੜਾ ਵੱਲੋਂ ਆਪ ਸਰਕਾਰ ਤੇ ਗੰਭੀਰ ਦੋਸ਼
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਚੁੱਕੇ ਸਵਾਲ
ਆਮ ਆਦਮੀ ਪਾਰਟੀ ਦਾ ਪਿੱਠੂ ਬਣਿਆ ਪੁਲਿਸ ਪ੍ਰਸ਼ਾਸਨ: ਸ਼੍ਰੀ ਦਰਸ਼ਨ ਕਾਂਗੜਾ
ਸੰਜੀਵ ਗਰਗ ਕਾਲੀ
ਸੰਗਰੂਰ , ਧਨੌਲਾ ਮੰਡੀ : 06 ਦਸੰਬਰ :- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਤੇ ਸੀਨੀਅਰ ਕਾਂਗਰਸੀ ਸੂਬਾ ਆਗੂ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ’ਤੇ ਗੰਭੀਰ ਦੋਸ਼ ਲਗਾਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਪ ਸਰਕਾਰ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਸੱਤਾ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਪ ਸਰਕਾਰ ਵੱਲੋਂ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਐਨ.ਓ.ਸੀ. ਜਾਰੀ ਕਰਨ ਸਮੇਂ ਜਾਣ–ਬੁੱਝ ਕੇ ਰੁਕਾਵਟਾਂ ਪੈਦਾ ਕੀਤੀਆਂ ਗਈਆਂ। ਇਸ ਤੋਂ ਇਲਾਵਾ, ਨਾਮਜ਼ਦਗੀ ਪੱਤਰ ਦਾਖਲ ਕਰਨ ਦੌਰਾਨ ਵੱਖ–ਵੱਖ ਪਾਰਟੀਆਂ ਦੇ ਉਮੀਦਵਾਰਾਂ ਨਾਲ ਤੰਗ-ਪ੍ਰੇਸ਼ਾਨੀ, ਧੱਕੇਸ਼ਾਹੀ ਅਤੇ ਰੋਕ–ਟੋਕ ਕੀਤੀ ਗਈ। ਸ਼੍ਰੀ ਕਾਂਗੜਾ ਨੇ ਦੋਸ਼ ਲਗਾਇਆ ਕਿ ਆਪ ਦੇ ਗੁੰਡਾ ਕਿਸਮ ਵਲੰਟੀਅਰਾ ਵੱਲੋਂ ਕੁਝ ਥਾਵਾਂ ’ਤੇ ਉਮੀਦਵਾਰਾਂ ਦੀਆਂ ਫਾਈਲਾਂ ਖੋਹ ਕੇ ਪਾੜੀਆਂ ਗਈਆਂ, ਅਤੇ ਪੁਲਿਸ ਦੀ ਮੌਜੂਦਗੀ ਵਿੱਚ ਆਪ ਆਗੂਆਂ ਅਤੇ ਵਲੰਟੀਅਰਾਂ ਨੇ ਕਾਂਗਰਸੀ ਅਤੇ ਹੋਰ ਪਾਰਟੀਆਂ ਦੇ ਵਰਕਰਾਂ ਨਾਲ ਕੁੱਟਮਾਰ ਵੀ ਕੀਤੀ। ਪੁਲਿਸ ਪ੍ਰਸ਼ਾਸਨ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਕਈ ਪੁਲਿਸ ਅਧਿਕਾਰੀ ਆਪ ਦੇ ਵਲੰਟੀਅਰਾਂ ਵਾਂਗ ਕੰਮ ਕਰ ਰਹੇ ਹਨ, ਜੋ ਬਿਲਕੁਲ ਗਲਤ ਤੇ ਆਲੋਚਨਾ ਯੋਗ ਹੈ। ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਜੇ ਆਪ ਸਰਕਾਰ ਨੂੰ ਹੋਰ ਪਾਰਟੀਆਂ ਤੋਂ ਮੁਕਾਬਲਾ ਕਰਨ ਦਾ ਡਰ ਸੀ, ਤਾਂ ਫਿਰ ਇਹ ਡਰਾਮੇਬਾਜ਼ੀ ਕਰਨ ਦੀ ਲੋੜ ਨਹੀਂ ਸੀ। ਚੇਤਾਵਨੀ ਭਰੇ ਲਹਿਜ਼ੇ ਵਿੱਚ ਉਨ੍ਹਾਂ ਕਿਹਾ ਕਿ “ਆਪ ਦੇ ਪਿੱਠੂ ਬਣੇ ਪੁਲਿਸ ਅਧਿਕਾਰੀਆਂ ਨੂੰ ਸਮਾਂ ਆਉਣ ’ਤੇ ਸਬਕ ਸਿਖਾਇਆ ਜਾਵੇਗਾ, ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਸ਼੍ਰੀ ਦਰਸ਼ਨ ਕਾਂਗੜਾ ਦੇ ਨਾਲ ਕਈ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ।

0 comments:
एक टिप्पणी भेजें