ਖਨੌਰੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ਮੌਕੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਤਕਾ ਅਖਾੜਾ ਖਨੌਰੀ ਦੇ ਸਿੰਘਾਂ ਨੇ ਦਿਖਾਏ ਗਤਕੇ ਦੇ ਜੌਹਰ
ਥਾਂ ਥਾਂ ਤੇ ਨਗਰ ਕੀਰਤਨ ਦਾ ਕੀਤਾ ਗਿਆ ਸਵਾਗਤ ਅਤੇ ਲਗਾਏ ਗਏ ਕਈ ਪ੍ਰਕਾਰ ਦੇ ਲੰਗਰ
ਕਮਲੇਸ਼ ਗੋਇਲ ਖਨੌਰੀ
ਖਨੌਰੀ, 5 ਨਵੰਬਰ- ਸਥਾਨਕ ਸ਼ਹਿਰ ਦੇ ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਸੰਤ ਆਸ਼ਰਮ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਸ਼ਹਿਰ ਵਿਖੇ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਗਿਆ।ਗੁਰਦੁਆਰਾ ਸਾਹਿਬ ਵਿਖੇ ਪਰਸੋਂ ਰੋਜ਼ ਤੋਂ ਆਰੰਭ ਕੀਤੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਦੇ ਅੱਜ ਪਾਏ ਗਏ ਭੋਗ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ਦੇ ਜੈਕਾਰਿਆਂ ਨਾਲ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ। ਸਜਾਈ ਗਈ ਟਰੈਕਟਰ ਟਰਾਲੀ ਵਿੱਚ ਪਾਲਕੀ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ। ਇਸ ਨਗਰ ਕੀਰਤਨ ਦੇ ਰਸਤੇ ਨੂੰ ਬੀਬੀਆਂ ਵਲੋਂ ਝਾੜੂ ਲਗਾ ਕੇ ਸਾਫ਼ ਕੀਤਾ ਜਾ ਰਿਹਾ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਤਕਾ ਅਖਾੜਾ ਖਨੌਰੀ ਦੇ ਸਿੰਘਾਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਜਾ ਰਹੇ ਸਨ। ਸ਼ਹਿਰ ਵਿਖੇ ਵੱਖ ਵੱਖ ਧਾਰਮਿਕ ਸਥਾਨਾਂ ਦੀਆਂ ਕਮੇਟੀਆਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਇਹਨਾਂ ਵੱਲੋਂ ਅਤੇ ਕਈ ਹੋਰ ਸ਼ਹਿਰ ਵਾਸੀਆਂ ਵੱਲੋਂ ਸ਼ਹਿਰ ਵਿੱਚ ਥਾਂ ਥਾਂ ਤੇ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ ਸਨ। ਇਹ ਨਗਰ ਕੀਰਤਨ ਮੇਨ ਬਾਜ਼ਾਰ, ਪਾਤੜਾਂ ਰੋਡ, ਟਰੱਕ ਮਾਰਕੀਟ, ਖਨੌਰੀ ਪਿੰਡ ਵਿਚੋ ਦੀ ਹੁੰਦਾ ਹੋਇਆ ਕੈਥਲ ਰੋਡ, ਨਰਵਾਣਾ ਰੋਡ ਤੋ ਦੀ ਹੁੰਦਾ ਹੋਇਆ ਸ਼ਾਮੀ ਗੁਰਦੁਆਰਾ ਸਾਹਿਬ ਵਿਖੇ ਵਾਪਸ ਪਹੁੰਚਿਆ। ਗੁਰਦੁਆਰਾ ਸਾਹਿਬ ਵਿਖੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।





0 comments:
एक टिप्पणी भेजें