*ਆਬਾਦੀ ਵਿਚੋਂ ਲੰਘਦੇ ਓਪਨ ਰਜਵਾਹੇ ਵਿੱਚ ਡਿੱਗਣ ਕਰਕੇ ਮਸੂਮ ਬੱਚੀ ਦੀ ਮੌਤ*
ਬਰਨਾਲਾ, 2 ਜੁਲਾਈ ( bbcindia ) : ਸੰਘੇੜਾ ਤਰਕਸੀਲ ਚੌਂਕ ਬਾਈਪਾਸ ਦੇ ਨਾਲ-ਨਾਲ ਲੰਘਦੇ ਰਜਵਾਹੇ ਵਿੱਚ ਡਿੱਗਣ ਕਰਕੇ ਢਾਈ ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਠੀਕਰੀਵਾਲਾ ਚੌਂਕ (ਨੂਰ ਹਸਪਤਾਲ) ਦੇ ਨਜਦੀਕ ਬੁੱਲਟ ਮੋਟਰਸਾਇਕਲ ਦੇ ਏਜੰਸੀ ਕੋਲ ਇੱਕ ਢਾਈ ਸਾਲਾ ਬੱਚੀ ਇਸ ਰਜਵਾਹੇ ਵਿੱਚ ਡਿੱਗ ਗਈ । ਰਜਵਾਹੇ ਵਿੱਚ ਪਾਣੀ ਜਿਆਦਾ ਹੋਣ ਕਾਰਨ ਵਿਚ ਬੱਚੀ ਡੁੱਬ ਗਈ ਅਤੇ ਪਾਣੀ ਵਿੱਚ ਰੁੜਦੀ ਰੁੜਦੀ ਐੱਸ ਐੱਸ ਡੀ ਕਾਲਜ ਦੇ ਸਾਹਮਣੇ ਤੱਕ ਚਲੀ ਗਈ। ਇਥੇ ਜਦੋਂ ਕਿਸੇ ਰਾਹਗੀਰ ਦੀ ਇਸ 'ਤੇ ਨਜਰ ਪਈ ਤਾਂ ਬੱਚੀ ਕੱਢਕੇ ਨੇੜਲੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਮ੍ਰਿਤਕ ਬੱਚੀ ਦਾ ਪਰਿਵਾਰ ਉਕਤ ਰਜਵਾਹੇ ਦੇ ਨਜਦੀਕ ਇੱਕ ਕੁੱਲੀ (ਝੌਪੜੀ) ਵਿੱਚ ਰਹਿੰਦਾ ਹੈ।
ਵਰਨਣਯੋਗ ਹੈ ਕਿ ਸੰਘੇੜਾ ਤੋਂ ਬਾਜਖਾਨਾ ਟੀ ਪੁਆਇੰਟ ਤੱਕ ਲੰਘਦਾ ਰਜਵਾਹਾ ਆਬਾਦੀ ਵਾਲੇ ਪਾਸੇ ਰੇਲਿੰਗ ਨਾ ਹੋਣ ਕਰਕੇ ਛੋਟੇ ਬੱਚਿਆਂ ਲਈ ਜਾਨਲੇਵਾ ਬਣ ਗਿਆ ਹੈ।
ਜਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਜਦੋਂ ਇਹ ਰਜਵਾਹਾ ਪੱਕਾ ਕੀਤਾ ਜਾ ਰਿਹਾ ਸੀ ਤਾਂ ਸੰਘੇੜਾ ਅਤੇ ਬਰਨਾਲਾ ਦੇ ਸਥਾਨਿਕ ਲੋਕਾਂ ਨੇ ਮੰਗ ਕੀਤੀ ਸੀ ਕਿ ਸੰਘੇੜਾ ਪਿੰਡ ਤੋਂ ਲੈ ਕੇ ਬਾਜਾਖਾਨਾ ਟੀ ਪੁਆਇੰਟ ਤੱਕ ਇਸ ਰਜਵਾਹੇ ਨੂੰ ਉਪਰੋਂ ਢੱਕਿਆ ਜਾਵੇ ਜਾਂ ਇਥੇ ਅੰਡਰ ਗਰਾਉਂਡ ਪਾਇਪਾਂ ਦੱਬੀਆਂ ਜਾਣ, ਪਰ ਉਸ ਸਮੇਂ ਪੰਜਾਬ ਸਰਕਾਰ ਦੇ ਸਿੰਚਾਈ ਮੰਤਰੀ ਗੁਰਮੀਤ ਸਿੰਘ "ਮੀਤ ਹੇਅਰ" ਨੇ ਲੋਕਾਂ ਦੀ ਇਸ ਮੰਗ ਨੂੰ ਅਣਗੌਲਿਆ ਕਰ ਦਿੱਤਾ ਅਤੇ ਪਹਿਲਾਂ ਦੀ ਤਰਾਂ ਓਪਨ ਰਜਵਾਹਾ ਪੱਕਾ ਕਰ ਦਿੱਤਾ ਗਿਆ। ਹੁਣ ਜਦੋਂ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਟੇਲਾਂ ਤੱਕ ਪਾਣੀ ਪਹੁੰਚਣ ਦੀ ਮਨਸਾ ਨਾਲ ਰਜਵਾਹਿਆਂ ਵਿੱਚ ਲਗਾਤਾਰ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਆਬਾਦੀ ਵਿਚੋਂ ਇਹ ਓਪਨ ਰਜਵਾਹਾ ਬਹੁਤ ਖਤਰਨਾਕ ਹੋ ਗਿਆ ਹੈ, ਕਿਉਂਕਿ ਰੋਜਾਨਾ ਕੋਈ ਨਾ ਜਾਨਵਰ ਜਾਂ ਬੱਚਾ ਇਸ ਓਪਨ ਰਜਵਾਹੇ ਵਿੱਚ ਡਿੱਗ ਰਿਹਾ ਹੈ। ਹੁਣ ਪਿੰਡ ਸੰਘੇੜਾ ਅਤੇ ਬਰਨਾਲਾ ਦੇ ਸਥਾਨਿਕ ਲੋਕਾਂ ਨੇ ਸਰਕਾਰ ਅਤੇ ਬਰਨਾਲਾ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਜਿਸ ਤਰਾਂ ਰਜਵਾਹੇ ਦੇ ਸੜਕ ਪਾਸੇ ਰੇਲਿੰਗ ਲਗਾਈ ਹੋਈ ਹੈ, ਉਸੇ ਤਰਾਂ ਹੀ ਦੂਸਰੇ ਆਬਾਦੀ ਵਾਲੇ ਪਾਸੇ ਵੀ ਰੇਲਿੰਗ ਲਗਾਈ ਜਾਵੇ ਤਾਂ ਕਿ ਰਜਵਾਹੇ ਵਿੱਚ ਬੱਚਿਆਂ ਅਤੇ ਜਨਵਰਾਂ ਦੇ ਰਜਵਾਹੇ ਵਿੱਚ ਡਿੱਗਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
0 comments:
एक टिप्पणी भेजें