ਭਾਈ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਦ ਸਾਬਕਾ ਮੈਬਰ ਪਾਰਲੀਮੈਟ ਸ ਰਾਜਦੇਵ ਸਿੰਘ ਖਾਲਸਾ ਨੇ ਕੀਤੇ ਸਨਸਨੀਖੇਜ ਖੁਲਾਸੇ
ਬਰਨਾਲਾ, 23 ਫਰਵਰੀ (ਕੇਸ਼ਵ ਵਰਦਾਨ ਪੁੰਜ )– ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿਚ ਭੁੱਖ ਹੜਤਾਲ ’ਤੇ ਬੈਠੇ ਹਨ, ਜੇਕਰ ਸਿੰਘਾਂ ਨੂੰ ਕੁੱਝ ਹੁੰਦਾ ਹੈ ਤਾਂ ਇਸ ਗੱਲ ਲਈ ਨਿੱਜੀ ਤੌਰ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੰਮੇਵਾਰ ਹੋਣਗੇ। ਇਹ ਸ਼ਬਦ ਸਾਬਕਾ ਸੰਸਦ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖ਼ਾਲਸਾ ਨੇ ਆਪਣੇ ਘਰ ਵਿਚ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਨੇ ਕਿਹਾ ਕਿ 16 ਫਰਵਰੀ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀ ਭੁੱਖ ਹੜਤਾਲ ’ਤੇ ਹਨ, ਮੈਂ 19 ਫਰਵਰੀ ਨੂੰ ਜੇਲ੍ਹ ਵਿਚ ਉਨ੍ਹਾਂ ਨਾਲ ਮੁਲਾਕਾਤ ਕਰਕੇ ਰਾਤ ਵਾਪਸ ਆਇਆ ਹਾਂ। ਇਸ ਸਬੰਧ ਵਿਚ ਉਨ੍ਹਾਂ ਨੇ ਇੱਕ ਲਿਖਤੀ ਪੱਤਰ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਵੀ ਦਿੱਤਾ ਹੈ। ਜਿਸ ਵਿਚ ਉਨ੍ਹਾਂ ਨੇ ਇਹ ਵੀ ਸ਼ੱਕ ਜ਼ਾਹਿਰ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਬਿਨ੍ਹਾਂ ਰੋਕ ਟੋਕ ਇੱਥੇ ਜੇਲ੍ਹ ਵਿਚ ਆਉਂਦੇ ਹਨ ਅਤੇ ਮੇਰੇ ਸੈੱਲ ਵਿਚ ਵੀ ਆਉਂਦੇ ਹਨ, ਉਹ ਮੈਨੂੰ ਜ਼ਹਿਰ ਦੇ ਕੇ ਮਾਰ ਵੀ ਸਕਦੇ ਹਨ। ਉਨ੍ਹਾਂ ਨੇ ਜੇਲ੍ਹ ਵਿਚ ਮੇਰੀ ਬੈਰਕ ਵਿਚ ਕੈਮਰੇ ਵੀ ਫਿੱਟ ਕਰ ਦਿੱਤੇ ਸੀ ਅਤੇ ਦੂਜੇ ਸਿੰਘਾਂ ਦੇ ਬੈਰਕਾਂ ਵਿਚ ਵੀ ਇਹ ਕੈਮਰੇ ਫਿੱਟ ਕੀਤੇ ਗਏ, ਜਿਸ ਨੂੰ ਅਸੀਂ ਦੇਖ ਲਿਆ ਅਤੇ ਇਹ ਡਿਵਾਇਸ ਅਸੀਂ ਜੇਲ੍ਹ ਸੁਪਰਡੈਂਟ ਨੂੰ ਸੌਂਪੇ ਅਤੇ ਉਨ੍ਹਾਂ ਤੋਂ ਲਿਖਤੀ ਸੁਪਰਦਗੀ ਵੀ ਲਈ। ਇਸ ਰੋਸ ਵਿਚ ਅਸੀਂ ਭੁੱਖ ਹੜਤਾਲ ’ਤੇ ਹਾਂ। ਇੱਕ ਬੰਦੀ ਸਿੰਘ ਬਸੰਤ ਸਿੰਘ ਪਾਣੀ ਵੀ ਛੱਡ ਦਿੱਤਾ ਹੈ ਅਤੇ ਉਸਦੀ ਹਾਲਤ ਬਹੁਤ ਗੰਭੀਰ ਹੈ। ਭਗਵੰਤ ਮਾਨ ਜੇਲ੍ਹ ਵਿਚ ਹੀ ਸਾਨੂੰ ਮਰਵਾਉਣਾ ਚਾਹੁੰਦੇ ਹਨ। ਮੁਲਾਕਾਤ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਨੇ ਮੈਨੂੰ ਪ੍ਰੈਸ ਕਾਨਫ਼ਰੰਸ ਕਰਨ ਲਈ ਕਿਹਾ ਅਤੇ ਕਿਹਾ ਕਿ ਸਿੱਖਾਂ ਨੂੰ ਮੇਰਾ ਸੰਦੇਸ਼ ਦੇ ਦਿਉ ਕਿ ਉਹ ਅਮਨ ਅਵਾਨਾ ਨਾਲ ਸੰਘਰਸ਼ ਲਈ ਉੱਠਣ ਬਾਅਦ ਵਿਚ ਜੇਕਰ ਮੇਰੀ ਸ਼ਹੀਦੀ ਹੋ ਗਈ ਤਾਂ ਫਿਰ ਹੰਝੂ ਵਹਾਉਣ ਦਾ ਕੋਈ ਫਾਇਦਾ ਨਹੀਂ। ਮੈਂ ਮਰਨ ਤੋਂ ਨਹੀਂ ਡਰਦਾ, ਪਰ ਮੇਰੀ ਇੱਛਾ ਹੈ ਕਿ ਮੈਂ ਆਪਣੀ ਪੰਜਾਬ ਦੀ ਧਰਤੀ ’ਤੇ ਸ਼ਹੀਦੀ ਦੇਵਾਂ। ਇਸ ਲਈ ਸਾਨੂੰ ਪੰਜਾਬ ਦੀ ਜੇਲ੍ਹ ਵਿਚ ਸਿਫ਼ਟ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਸਿੰਘ ਨੂੰ ਕੁੱਝ ਹੁੰਦਾ ਹੈ ਨਾ ਤਾਂ ਕੇਂਦਰ ਸਰਕਾਰ ਜਿੰਮੇਵਾਰ ਹੈ, ਨਾ ਪੰਜਾਬ ਸਰਕਾਰ। ਬਸ ਸਿਰਫ਼ ਔਰ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਤੌਰ ’ਤੇ ਜਿੰਮੇਵਾਰ ਹੋਣਗੇ। ਇਸ ਮੌਕੇ ’ਤੇ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਦੇ ਪੀ.ਏ ਅਵਤਾਰ ਸਿੰਘ ਸੰਧੂ ਵੀ ਹਾਜ਼ਰ ਸਨ।
0 comments:
एक टिप्पणी भेजें