– ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹ ਹੀ ਰੋਗ ਪਠੋਰੇ ਨੂੰ, ਇਕ ਹਫ਼ਤੇ ਵਿੱਚ ਹੀ ਆਮ ਤੋਂ ਖ਼ਾਸ ਬਣੇ ਆਮ ਆਦਮੀ ਪਾਰਟੀ ਵਾਲੇ  
 –ਜਿਸ ਕੰਮ ਨੂੰ ਪਾਣੀ ਪੀ ਪੀ ਕੇ ਭੰਡਦੇ ਸੀ ਹੁਣ ਖੁਦ ਚੱਲੇ ਉਹੀ ਰਾਹ ਤੇ 
ਡਾ ਰਕੇਸ਼ ਪੁੰਜ ਬਰਨਾਲਾ 
ਪੰਜਾਬੀ ਦੀ ਇੱਕ ਬਹੁਤ ਪੁਰਾਣੀ ਅਤੇ ਮਸ਼ਹੂਰ ਕਹਾਵਤ ਹੈ ਕਿ, 'ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ' ,  ਭਾਵ  ਜੋ ਰੋਗ ਬੱਕਰੀ ਦੀ ਮੌਤ ਦਾ ਕਾਰਨ ਬਣਿਆ ਸੀ ਉਹੀ ਰੋਗ ਪਠੋਰੇ ਭਾਵ (ਅਗਲੀ ਪੀੜ੍ਹੀ) ਜਾਂ ਬੱਕਰੀ ਦੇ ਬੱਚੇ ਨੂੰ ਹੈ।  ਇਹ ਕਹਾਵਤ ਪੰਜਾਬ ਦੀ ਰਾਜਨੀਤੀ ਤੇ ਬਿਲਕੁਲ ਠੀਕ ਬੈਠਦੀ ਹੈ।   ਰਾਜਨੀਤੀ ਦੇ ਪਰਾਣੇ ਕਲਚਰ ਤੋਂ ਦੁਖੀ ਲੋਕਾਂ ਨੇ ਰਾਜਨੀਤੀ ਦੇ ਵੱਡੇ ਧੁਨੰਤਰਾਂ ਨੂੰ  ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਧੇ ਮੂੰਹ ਸਿੱਟ ਦਿੱਤਾ।  ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਦੇ ਕੇ ਨਿਵਾਜਿਆ।  ਲੇਕਿਨ ਪੁਰਾਣੀ ਰਵਾਇਤੀ ਪਾਰਟੀਆ ਦੇ ਜਿਸ ਸੱਤਾ ਦੇ ਨਸ਼ੇ ਵਿਚ ਕਾਨੂੰਨ ਤੋੜਨ ਅਤੇ ਫੋਕੀ ਵਾਹ ਵਾਹੀ ਕਰਨੀ ਅਤੇ ਆਪਣਾ ਦਬਦਬਾ ਵਿਖਾਉਣ ਦੇ ਜਿਸ ਕਲਚਰ ਤੋਂ  ਲੋਕ ਔਖੇ ਸਨ ਉਹੀ ਕਲਚਰ ਹੁਣ ਆਮ ਆਦਮੀ ਪਾਰਟੀ ਨੇ ਫੜ ਲਿਆ ਹੈ।  
ਸਰਕਾਰ ਦੇ ਬਣਾਏ ਹੋਏ ਸਾਰੇ ਨਿਯਮਾਂ ਅਤੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਆਮ ਆਦਮੀ ਪਾਰਟੀ ਵੱਲੋਂ  ਨਗਰ ਕੌਂਸਲ ਦੇ ਯੂਨੀਪੋਲਾਂ ਉੱਤੇ ਵਧਾਈ ਦੇ ਸੰਦੇਸ਼ ਲਗਾਏ ਗਏ ਹਨ । ਆਪਣੇ ਆਪ ਨੂੰ ਨਵੇਂ ਬਣੇ ਕੈਬਨਿਟ ਮੰਤਰੀ ਸਰਦਾਰ ਮੀਤ ਹੇਅਰ ਦੇ ਸਭ ਤੋਂ ਨੇੜੇ ਦਿਖਾਉਣ ਦੀ ਹੋੜ ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ ਲੀਡਰਾਂ ਅਤੇ  ਵਰਕਰਾਂ ਨੇ ਯੂਨੀਪੋਲਾਂ ਉੱਪਰ ਆਪਣੀਆਂ ਫਲੈਕਸਾਂ ਲਗਾ ਦਿੱਤੀਆਂ ਹਨ।  ਦੱਸ ਦੇਈਏ ਕਿ ਨਿਯਮਾਂ ਦੇ ਅਨੁਸਾਰ ਨਗਰ ਕੌਂਸਲ ਦੀ ਪ੍ਰਾਪਰਟੀ ਯੂਨੀਪੋਲਾਂ ਉੱਤੇ ਅਗਰ ਕਿਸੇ ਨੇ ਆਪਣੀ ਮਸ਼ਹੂਰੀ ਕਰਨੀ ਹੋਵੇ ਤਾਂ ਇਸ ਦੀ ਬਕਾਇਦਾ ਲਿਖਤ ਮਨਜ਼ੂਰੀ ਨਗਰ ਕੌਂਸਲ ਤੋਂ ਲੈਣੀ ਪੈਂਦੀ ਹੈ। ਜਿਸ ਦੀ  ਮਹੀਨੇ ਦੀ ਪੰਜ ਤੋਂ ਛੇ ਹਜ਼ਾਰ ਰੁਪਏ ਦੀ ਪਰਚੀ ਕੱਟੀ ਜਾਂਦੀ ਹੈ। ਸ਼ਹਿਰ ਦੇ ਕਰੀਬ 10 ਯੂਨੀਪੋਲਾ ਨੂੰ ਵਰਤਿਆ ਗਿਆ ਹੈ। ਜਿਸ ਦਾ ਮਹੀਨੇ ਦਾ ਕਿਰਾਇਆ ਕਰੀਬ 50 ਤੋਂ 60 ਹਜ਼ਾਰ ਬਣਦਾ ਹੈ। ਜੋ ਪੈਸੇ ਸਰਕਾਰੀ ਖਾਤੇ ਵਿਚ ਜਮ੍ਹਾਂ ਹੋਣੇ ਸਨ। ਲੇਕਿਨ ਸੱਤਾ ਦੇ ਨਸ਼ੇ ਵਿੱਚ ਕਿਸੇ ਨੇ  ਵੀ ਇਹ ਪਰਮੀਸ਼ਨ ਲੈਣੀ ਜ਼ਰੂਰੀ ਨਹੀਂ ਸਮਝੀ। ਜਿਸ ਨਾਲ ਨਗਰ ਕੌਂਸਲ ਦੇ ਖਜ਼ਾਨੇ ਨੂੰ ਚੂਨਾ ਲੱਗਿਆ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵੱਲੋਂ ਸਹੁੰ ਚੁੱਕ ਸਮਾਗਮ ਵਿੱਚ ਪੁਰਾਣੇ ਸਿਸਟਮ ਨੂੰ ਖ਼ਤਮ ਕਰਕੇ ਨਵਾਂ ਸਿਸਟਮ ਸ਼ੁਰੂ ਕਰਨ  ਦੇ ਦਾਅਵੇ ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ  ਕਾਨੂੰਨ ਤੋੜਨ, ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ, ਆਪਣਾ ਦਬਾਅ ਦਿਖਾਉਣ ਅਤੇ ਆਪਣੀ ਧੌਂਸ ਦਿਖਾਉਣ ਦੇ ਜੋ ਕੰਮ ਪੁਰਾਣੀਆਂ ਰਵਾਇਤੀ ਪਾਰਟੀਆਂ ਕਰਦੀਆਂ ਸਨ ਉਹੀ  ਆਮ ਆਦਮੀ ਪਾਰਟੀ ਨੇ ਫੜ ਲਿਆ ਹੈ। ਬਰਨਾਲਾ ਤੋਂ ਵੱਡੀ ਲੀਡ ਨਾਲ ਜਿੱਤੇ ਵਿਧਾਇਕ ਅਤੇ ਪੰਜਾਬ ਦੇ ਨਵੇਂ ਸਿੱਖਿਆ ਮੰਤਰੀ ਸਰਦਾਰ ਮੀਤ ਹੇਅਰ ਨੂੰ ਤਰੁੰਤ  ਇਸ ਵਰਤਾਰੇ ਤੇ ਰੋਕ ਲਾਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਅਕਸ ਸਾਫ ਹੀ ਰਹੇ।       
ਓ ਭਾਈ ਉਨ੍ਹਾਂ ਦੀ ਸਰਕਾਰ ਹੈ ਕਿਰਪਾ ਕਰਕੇ ਸਾਨੂੰ ਬਖਸ਼ ਦਿਓ ਯਾਰ ।ਜਦੋਂ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਤੋਂ  ਇਸ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਆਮ ਆਦਮੀ  ਪਾਰਟੀ ਦੇ ਵਧਾਈ ਸੰਦੇਸ਼ ਲਾਉਣ ਲਈ ਨਿਯਮਾਂ ਦੇ ਅਨੁਸਾਰ ਕੋਈ ਵੀ ਪਰਚੀ ਨਗਰ ਕੌਂਸਲ ਵਿਚੋਂ ਕਟਾਈ ਨਹੀਂ ਗਈ ਹੈ। ਉਨ੍ਹਾਂ ਇਹ ਵੀ ਕਿਹਾ  ਕਿ ਜਿਸ ਦੀ ਸਰਕਾਰ ਹੁੰਦੀ ਹੈ ਉਹ ਇਸ ਤਰ੍ਹਾਂ ਵਧਾਈ ਸੰਦੇਸ਼ ਲਗਾ ਹੀ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ  ਸਰਕਾਰ ਹੈ ਇਸ ਤੋਂ ਵੱਧ ਅਸੀਂ ਕੁਝ ਨਹੀਂ ਕਹਿ ਸਕਦੇ। ਕਿਰਪਾ ਕਰਕੇ ਤੁਸੀਂ ਸਾਨੂੰ ਬਖ਼ਸ਼ ਦਿਉ।
0 comments:
एक टिप्पणी भेजें